ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਇਕ ਵਾਰ ਫਿਰ ਯੂ ਟਰਨ ਲਿਆ ਹੈ ਅਤੇ ਆਪਣੇ ਫ਼ੈਸਲੇ ਨੂੰ ਪਲਟ ਦਿੱਤਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਕੈਨੇਡਾ ਸਰਕਾਰ ਨੇ ਕੈਨੇਡਾ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਲਈ ਨਿਯਮ ਬਣਾਇਆ ਸੀ ਕਿ ਸਾਰੇ ਯਾਤਰੀਆਂ ਦੀ ਖਾਸ ਜਾਂਚ ਕੀਤੀ ਜਾਵੇਗੀ। ਤਾਜ਼ਾ ਐਲਾਨ ਮੁਤਾਬਕ ਹੁਣ ਭਾਰਤ ਜਾਣ ਵਾਲੇ ਯਾਤਰੀਆਂ ਲਈ ਵਾਧੂ ਸੁਰੱਖਿਆ ਸਕ੍ਰੀਨਿੰਗ ਉਪਾਅ ਨੂੰ ਹਟਾ ਦਿੱਤਾ ਗਿਆ ਹੈ। ਸਮਾਚਾਰ ਏਜੰਸੀ ਸੀ.ਬੀ.ਸੀ. ਦੀ ਖ਼ਬਰ ਮੁਤਾਬਕ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਦੇ ਦਫਤਰ ਨੇ ਇਸ ਸਬੰਧੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਇਹ ਉਪਾਅ ਕੈਨੇਡਾ ਅਤੇ ਭਾਰਤ ਦਰਮਿਆਨ ਵਧੇ ਤਣਾਅ ਤੋਂ ਬਾਅਦ ਕੀਤੇ ਗਏ ਸਨ ਜੋ ਕਿ ਹੁਣ ਹਟਾ ਦਿੱਤੇ ਗਏ ਹਨ।
ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਦੇ ਦਫਤਰ ਦਾ ਕਹਿਣਾ ਹੈ ਕਿ ਭਾਰਤ ਦੀ ਯਾਤਰਾ ਕਰਨ ਵਾਲੇ ਲੋਕਾਂ ‘ਤੇ ਇਸ ਹਫਤੇ ਦੇ ਸ਼ੁਰੂ ਵਿੱਚ ਲਗਾਏ ਗਏ ਵਾਧੂ ਸਕ੍ਰੀਨਿੰਗ ਉਪਾਅ ਹੁਣ ਹਟਾ ਦਿੱਤੇ ਗਏ ਹਨ। ਇਹ ਫ਼ੈਸਲਾ ਸੁਰੱਖਿਆ ਦੇ ਤੌਰ ‘ਤੇ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਆਨੰਦ ਨੇ ਇੱਕ ਨਿਊਜ਼ ਬਿਆਨ ਵਿੱਚ ਕਿਹਾ ਕਿ ਬਹੁਤ ਜ਼ਿਆਦਾ ਸਾਵਧਾਨੀ ਕਾਰਨ ਉਸਦਾ ਮੰਤਰਾਲਾ ਅਸਥਾਈ ਤੌਰ ‘ਤੇ ਭਾਰਤ ਆਉਣ ਵਾਲੇ ਯਾਤਰੀਆਂ ਲਈ ਵਾਧੂ ਸੁਰੱਖਿਆ ਸਕ੍ਰੀਨਿੰਗ ਲਾਗੂ ਕਰੇਗਾ।
ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਟਰੂਡੋ ਨੇ ਆਪਣੇ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਵੀਰਵਾਰ ਨੂੰ ਕਈ ਵਸਤੂਆਂ ਤੋਂ ਸੰਘੀ ਵਿਕਰੀ ਟੈਕਸ ਨੂੰ ਅਸਥਾਈ ਤੌਰ ‘ਤੇ ਹਟਾਉਣ ਅਤੇ ਉਨ੍ਹਾਂ ਲੱਖਾਂ ਕੈਨੇਡੀਅਨਾਂ ਨੂੰ ਚੈੱਕ ਭੇਜਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਜੋ ਵਧਦੀਆਂ ਲਾਗਤਾਂ ਨਾਲ ਨਜਿੱਠ ਰਹੇ ਹਨ। ਇਹ ਐਲਾਨ ਅਜਿਹੇ ਸਮੇਂ ਵਿਚ ਕੀਤਾ ਗਿਆ ਹੈ ਜਦੋਂ ਵਧਦੀਆਂ ਲਾਗਤਾਂ ਕਾਰਨ ਵੋਟਰ ਟਰੂਡੋ ਤੋਂ ਨਾਖੁਸ਼ ਹਨ।
ਯੋਜਨਾ ਤਹਿਤ 2023 ਵਿਚ 1.5 ਲੱਖ ਡਾਲਰ ਤੋਂ ਘੱਟ ਕਮਾਈ ਕਰਨ ਵਾਲੇ ਕੈਨੇਡੀਅਨਾਂ ਨੂੰ 250 ਕੈਨੇਡੀਅਨ ਡਾਲਰ ਦਾ ਚੈੱਕ ਮਿਲੇਗਾ। ਟਰੂਡੋ ਨੇ ਕਿਹਾ ਕਿ ਜ਼ਿਆਦਾ ਕਮਾਈ ਕਰਨ ਵਾਲੇ ਲੋਕ ਵੀ ਆਪਣਾ ਗੁਜ਼ਾਰਾ ਕਰਨ ਲਈ ਸੰਘਰਸ਼ ਕਰ ਰਹੇ ਹਨ। ਅੰਦਾਜ਼ਨ 18.7 ਮਿਲੀਅਨ ਕੈਨੇਡੀਅਨ ਇੱਕ ਵਾਰ ਦਾ ਚੈੱਕ ਪ੍ਰਾਪਤ ਕਰਨਗੇ। ਸਰਕਾਰ ਨੇ ਕਿਹਾ ਕਿ ਕਰਿਆਨੇ ਦਾ ਸਾਮਾਨ, ਬੱਚਿਆਂ ਦੇ ਕੱਪੜਿਆਂ ਅਤੇ ਹੋਰ ਜ਼ਰੂਰੀ ਵਸਤਾਂ GST ਅਤੇ HST ਤੋਂ ਮੁਕਤ ਹੋਣਗੀਆਂ। ਮਤਲਬ ਇਹ ਚੀਜ਼ਾਂ ਹੁਣ ਟੈਕਸ ਮੁਕਤ ਹੋ ਗਈਆਂ ਹਨ। ਇਹ ਫੈਸਲਾ 14 ਦਸੰਬਰ ਤੋਂ ਲਾਗੂ ਹੋਵੇਗਾ ਅਤੇ ਇਹ ਚੀਜ਼ਾਂ ਅਗਲੇ 2 ਮਹੀਨਿਆਂ ਲਈ ਟੈਕਸ ਮੁਕਤ ਹੋਣਗੀਆਂ। ਅਜਿਹਾ ਹੋਣ ‘ਤੇ ਇਹ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਅਤੇ ਲੋਕਾਂ ਨੂੰ ਸਿੱਧੀ ਰਾਹਤ ਮਿਲੇਗੀ। ਟਰੂਡੋ ਨੇ ਕਿਹਾ ਹੈ ਕਿ ਉਹ ਅਗਲੀਆਂ ਚੋਣਾਂ ਵਿੱਚ ਆਪਣੀ ਲਿਬਰਲ ਪਾਰਟੀ ਦੀ ਅਗਵਾਈ ਕਰਨਗੇ।
Live99 media My WordPress Blog