ਮਧੂਬਾਲਾ ਹਿੰਦੀ ਫਿਲਮੀ ਜਗਤ ਦੀ ਉਹ ਹਸੀਨ ਅਦਾਕਾਰਾ ਜਿਸ ਨੂੰ ਕੋਈ ਵੀ ਨਹੀਂ ਭੁੱਲ ਸਕਦਾ। ਮਨੋਰੰਜਨ ਜਗਤ ਦੇ ਬਹੁਤ ਸਾਰੇ ਸਿਤਾਰੇ ਅਜਿਹੇ ਹਨ ਜਿਨ੍ਹਾਂ ਨੇ ਸ਼ੌਹਰਤ ਪਾਉਣ ਲਈ ਆਪਣੇ ਨਾਂਅ ਬਦਲ ਲਏ ਸਨ। ਇਸ ਲਿਸਟ ‘ਚ ਅਦਾਕਾਰਾ ਮਧੂਬਾਲਾ ਦਾ ਨਾਂਅ ਵੀ ਸ਼ਾਮਿਲ ਹੈ। 60 ਦੇ ਦਹਾਕੇ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਮਧੂਬਾਲਾ ਦਾ ਅਸਲ ਨਾਂਅ ਮੁਮਤਾਜ਼ ਬੇਗਮ ਸੀ । ਬਾਲੀਵੁੱਡ ਵਿੱਚ ਆਉਂਦੇ ਹੀ ਉਹਨਾਂ ਨੇ ਆਪਣਾ ਨਾਮ ਬਦਲਕੇ ਮਧੂਬਾਲਾ ਰੱਖ ਲਿਆ ਸੀ।
ਮਧੂਬਾਲਾ ਉਰਫ ਮੁਮਤਾਜ਼ ਬੇਗਮ ਦਾ ਜਨਮ 14 ਫਰਵਰੀ 1933 ਨੂੰ ਦਿੱਲੀ ‘ਚ ਹੋਇਆ ਸੀ, ਜਿਹਨਾਂ ਦਾ ਅਸਲੀ ਨਾਮ ਮੁਮਤਾਜ਼ ਜਹਾਂ ਬੇਗਮ ਦੇਹਲਵੀ ਸੀ। ਪਿਤਾ ਦੀ ਨੌਕਰੀ ਛੁੱਟਣ ਤੋਂ ਬਾਅਦ ਪੂਰਾ ਪਰਿਵਾਰ ਦਿੱਲੀ ਤੋਂ ਮੁੰਬਈ ਆ ਵੱਸਿਆ ਸੀ। ਮਧੂਬਾਲਾ ਦਾ ਪਰਿਵਾਰ ਜੋ ਕਿ ਉਸ ਸਮੇਂ ਆਰਥਿਕ ਤੰਗੀ ‘ਚ ਚੱਲ ਰਿਹਾ ਸੀ ਜਿਸ ਕਰਕੇ ਮਧੂਬਾਲਾ ਨੇ ਛੋਟੀ ਉਮਰ ‘ਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਮਧੂਬਾਲਾ ਨੇ 9 ਸਾਲ ਦੀ ਉਮਰ ਵਿਚ ਬਸੰਤ ਫਿਲਮ ‘ਚ ਬਤੌਰ ਬਾਲ ਕਲਾਕਾਰ ਕੰਮ ਕੀਤਾ ਹੈ। ਇਸ ਤੋਂ ਬਾਅਦ ਉਹਨਾਂ ਨੇ ਕਈ ਫਿਲਮਾਂ ‘ਚ ਬਤੌਰ ਬਾਲ ਕਲਾਕਾਰ ਕੰਮ ਕੀਤਾ ਸੀ। ਦੇਵਿਕਾ ਰਾਣੀ ਉਸ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋ ਗਈ ਅਤੇ ਉਸ ਨੇ ਉਸ ਦਾ ਨਾਮ ਬੇਬੀ ਮੁਮਤਾਜ਼ ਤੋਂ ਬਦਲ ਕੇ ਮਧੂਬਾਲਾ ਰੱਖ ਦਿੱਤਾ।
ਹੀਰੋਇਨ ਮਧੂਬਾਲਾ ਦਾ ਸਿੱਖ ਧਰਮ ਵਿੱਚ ਪੂਰਨ ਵਿਸ਼ਵਾਸ਼ ਸੀ । ਜਿਸ ਦਾ ਖੁਲਾਸਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਤੋਂ ਹੋ ਰਿਹਾ ਹੈ । ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਮਧੂਬਾਲਾ ਨੂੰ ਜਦੋਂ ਵੀ ਸਮਾਂ ਮਿਲਦਾ ਸੀ ਤਾਂ ਉਹ ‘ਜਪੁਜੀ ਸਾਹਿਬ’ ਦਾ ਪਾਠ ਕਰਦੀ ਸੀ । ਮਧੂਬਾਲਾ ਨੇ ਇਸ ਬਾਰੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਇੱਕ ਸਮੇਂ ਸੀ ਜਦੋਂ ਉਹ ਬਹੁਤ ਵੱਡੀ ਮੁਸੀਬਤ ਵਿੱਚ ਘਿਰ ਗਈ ਸੀ । ਜਿਸ ਤੋਂ ਬਾਅਦ ਉਹਨਾਂ ਨੇ ‘ਜਪੁਜੀ ਸਾਹਿਬ’ ਦਾ ਪਾਠ ਕੀਤਾ ਤਾਂ ਉਹਨਾਂ ਦੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋ ਗਈਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਜਪੁਜੀ ਸਾਹਿਬ ਦਾ ਪਾਠ ਕਰਨਾ ਕਦੇ ਵੀ ਨਹੀਂ ਛੱਡਿਆ।
ਇਸ ਤੋਂ ਇਲਾਵਾ ਉਹ ਜਦੋਂ ਤੱਕ ਜਿਉਂਦੀ ਰਹੀ, ਉਹ ਮੁੰਬਈ ਦੇ ਇੱਕ ਗੁਰਦੁਆਰਾ ਸਾਹਿਬ ‘ਚ ਜਦੋਂ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਹੁੰਦਾ ਸੀ ਤਾਂ ਲੰਗਰ ਦੀ ਸੇਵਾ ਕਰਦੀ ਸੀ। ਫਿਰ ਜਦੋਂ ਅਦਾਕਾਰਾ ਦਾ ਦਿਹਾਂਤ ਹੋ ਗਿਆ ਸੀ ਤਾਂ ਉਨ੍ਹਾਂ ਦੇ ਪਿਤਾ ਜਦੋਂ ਤੱਕ ਜਿਉਂਦੇ ਰਹੇ ਉਹ ਲੰਗਰ ਕਰਵਾਉਂਦੇ ਰਹੇ।
ਇਸ ਵੀਡੀਓ ਵਿੱਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਹੈ ਕਿ ਜਦੋਂ ਵੀ ਉਹ ਕਿਸੇ ਫ਼ਿਲਮ ਦੀ ਸ਼ੂਟਿੰਗ ਲਈ ਕੋਈ ਸਮਝੌਤਾ ਕਰਦੀ ਸੀ ਤਾਂ ਸਭ ਤੋਂ ਪਹਿਲਾਂ ਇਹ ਲਿਖਿਆ ਜਾਂਦਾ ਸੀ, ਉਸ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਸਕੇ ਤੇ ਲੰਗਰ ਦੀ ਸੇਵਾ ਕਰ ਸਕੇ ।