ਪੰਜਾਬ ‘ਚ ਹਨ੍ਹੇਰੀ-ਤੂਫ਼ਾਨ ਦਾ Alert !

ਪੰਜਾਬ ਵਿਚ ਅਗਲੇ ਦਿਨਾਂ ਦੌਰਾਨ ਮੌਸਮ ਵਿਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਮੌਸਮ ਵਿਭਾਗ ਨੇ 5 ਦਿਨਾਂ ਲਈ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਵੱਲੋਂ 2 ਤੋਂ 6 ਮਈ ਤੱਕ ਮੀਂਹ, ਗਰਜ-ਤੂਫ਼ਾਨ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ 1 ਮਈ ਨੂੰ ਕਿਸੇ ਤਰ੍ਹਾਂ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ

ਪਰ 3 ਮਈ ਤੋਂ ਮੌਸਮ ਖ਼ਰਾਬ ਰਹਿ ਸਕਦਾ ਹੈ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਲਈ ਭਾਰੀ ਬਾਰਿਸ਼ ਲਈ ‘ਯੈਲੋ ਅਲਰਟ’ ਜਾਰੀ ਕਰਦਿਆਂ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। 3 ਮਈ ਤੋਂ ਮੌਸਮ ਵਿਗੜਨਾ ਸ਼ੁਰੂ ਹੋਵੇਗਾ। ਫ਼ਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਰਗੇ ਦੱਖਣ-ਪੱਛਮੀ ਜ਼ਿਲ੍ਹਿਆਂ ‘ਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗਰਜ-ਚਮਕ ਦੀ ਸੰਭਾਵਨਾ ਹੈ।

ਪੰਜਾਬ ਦੇ ਮੌਸਮ ਨੂੰ ਲੈ ਕੇ 3 ਅਤੇ 4 ਮਈ ਦੋ ਦਿਨ ਕਾਫ਼ੀ ਅਹਿਮ ਰਹਿਣਗੇ। ਪੰਜਾਬ ਦੇ ਉੱਤਰੀ ਅਤੇ ਮੱਧ ਹਿੱਸੇ ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ ਅਤੇ ਲੁਧਿਆਣਾ ‘ਚ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਤੂਫ਼ਾਨੀ ਹਵਾਵਾਂ ਚੱਲਣ, ਭਾਰੀ ਮੀਂਹ ਅਤੇ ਬਿਜਲੀ ਲਿਸ਼ਕਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

5 ਅਤੇ 6 ਮਈ ਨੂੰ ਵੀ ਮੌਸਮ ਖ਼ਰਾਬ ਰਹੇਗਾ। ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਸਮੇਤ ਕਈ ਜ਼ਿਲ੍ਹਿਆਂ ‘ਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਹਾਲਾਂਕਿ ਮੌਸਮ ਕੇਂਦਰ ਮੁਤਾਬਕ 7 ਮਈ ਨੂੰ ਬਾਰਸ਼ ਹੋਣ ਦੀ ਉਮੀਦ ਨਹੀਂ ਹੈ। ਅਗਲੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ‘ਚ ਕਰੀਬ 2 ਤੋਂ 3 ਡਿਗਰੀ ਸੈਲਸੀਅਸ ਵਾਧਾ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ 3 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ।