ਦਸ਼ਮੇਸ਼ ਪਿਤਾ ਜੀ ਦੇ ਲਾਡਲੇ ਸਿੱਖ ਬਾਰੇ ਇਤਿਹਾਸ ਦੋਖੋ

ਸਿਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ ਤੇ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਇਸ ਕੌਮ ਨੇ ਉਹ ਮਰਜੀਵੜੇ ਪੈਦਾ ਕੀਤੇ ਹਨ ਜਿਹਨਾਂ ਦੀ ਮਿਸਾਲ ਸੰਸਾਰ ਦੇ ਕਿਸੇ ਇਤਿਹਾਸ ਵਿੱਚ ਲੱਭਣੀ ਨਾਮੁਮਕਿਨ ਹੈ। ਸਿੱਖੀ ਨੂੰ ਨੇਸਤੋਨਾਬੂਦ ਕਰਨ ਲਈ ਸਮੇਂ ਦੇ ਹਾਕਮਾਂ ਨੇ ਅਨੇਕਾਂ ਜ਼ੁਲਮ ਢਾਹੇ, ਤਰਾਂ ਤਰ੍ਹਾਂ ਦੇ ਤਸੀਹੇ ਦਿਤੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਪਰ ਧੰਨ ਸੀ, ਉਸ ਸਮੇਂ ਦੀ ਸਿੱਖੀ, ਸਿੱਖੀ ਸਿਦਕ ਅਤੇ ਗੁਰੂ ਦੇ ਸਿੱਖ, ਜਿਨਾਂ ਨੇ ਸਿਰ-ਧੜ ਦੀ ਬਾਜ਼ੀ ਲਗਾਉਂਦਿਆਂ ਆਪਾ ਤਾਂ ਕੁਰਬਾਣ ਕਰ ਲਿਆ ਪਰ ਜ਼ਾਲਮਾਂ ਦਾ ਹੁਕਮ ਮੰਨ ਕੇ ਗੁਰਮਤਿ ਦੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ, ਅਤੇ ਸ਼ਹਾਦਤਾਂ ਦਾ ਜਾਮ ਹੱਸਦੇ-ਹੱਸਦੇ ਪੀ ਗਏ। ਐਸੇ ਹੀ ਮਹਾਨ ਸ਼ਹੀਦਾਂ ਵਿੱਚੋਂ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਜਿਨਾਂ ਨੇ ਹਕ ਤੇ ਸਚ ਦੀ ਖਾਤਰ, ਸਿਖੀ ਦੀ ਖਾਤਰ, ਝੂਠ ਦੇ ਅਗੇ ਘੁਟਨੇ ਨਹੀਂ ਟੇਕੇ।

ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਪਿੰਡ ਕੈਂਬੋਵਾਲ, 10 ਮਾਰਚ 1662 ਈਸਵੀ ਨੂੰ ਮਾਈ ਦਾਸ ਤੇ ਮਾਤਾ ਮਧੁਰੀ ਬਾਈ ਜੀ, ਜੋ ਇਕ ਸਪੰਨ ਤੇ ਧਾਰਮਿਕ ਪਰਿਵਾਰ ਸੀ, ਵਿਚ ਹੋਇਆ। ਮਾਂ-ਪਿਓ ਨੇ ਇਨ੍ਹਾ ਦਾ ਨਾਮ ਮਨੀਆ ਰਖ ਦਿਤਾ।ਭਾਈ ਮਨੀ ਸਿੰਘ ਜੀ ਦੇ ਵਡਿਕੇ ਮੁਗਲਾਂ ਦੀ ਨੋਕਰੀ ਕਰਦੇ ਸੀ। ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸਿਖ ਹੋਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਾ ਵਿਚ ਰਹਿਣ ਲਗੇ।

ਇਹਨਾ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ਼ ਦੇ ਜਰਨੈਲ ਰਹਿ ਚੁਕੇ ਸਨ, ਜੋ ਬਹੁਤ ਸੂਰਬੀਰ ਯੋਧਾ ਸੀ। ਭਾਈ ਮਨੀ ਸਿੰਘ, ਕੁਲ ਮਿਲਾ ਕੇ 12 ਭਰਾ ਸੀ, ਜਿਨ੍ਹਾ ਵਿਚੋਂ ਇਕ ਦੀ ਬਚਪਨ ਵਿਚ ਹੀ ਮੋਤ ਹੋ ਗਈ, ਗਿਆਰਾਂ ਭਰਾ ਪੰਥ ਲਈ ਸ਼ਹੀਦ ਹੋਏ ਜਿਨ੍ਹਾ ਵਿਚੋ ਇਕ ਭਾਈ ਦਿਆਲਾ ਚਾਂਦਨੀ ਚੋਕ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਇਆ। ਇਹ ਪਰਿਵਾਰ ਸ਼ਹੀਦਾ ਦਾ ਪਰਿਵਾਰ ਕਿਹਾ ਜਾਂਦਾ ਹੈ ਕਿਓਂਕਿ ਇਕਲੇ ਭਾਈ ਮਨੀ ਸਿੰਘ ਦੇ ਪਰਿਵਾਰ ਵਿਚ ਭਾਈ ਮਨੀ ਸਿੰਘ ਜੀ ਦਾ ਦਾਦਾ ਸ਼ਹੀਦ, ਉਨ੍ਹਾ ਸਮੇਤ ਇਹ 11 ਭਰਾ ਸ਼ਹੀਦ, 10 ਪੁਤਰਾਂ ਵਿਚੋਂ 7 ਪੁਤਰ ਤੇ ਅਗੋਂ ਭਰਾਵਾਂ ਦੇ ਪੁਤਰ ਕੁਲ ਮਿਲਾ 29 ਸ਼ਹੀਦ ਹੋਏ ਹਨ। ਉਸਤੋਂ ਬਾਅਦ ਇਸ ਪਰਿਵਾਰ ਦੀ ਕੁਲ ਵਿਚੋਂ ਹੋਰ ਕਿਤਨੇ ਸ਼ਹੀਦ ਹੋਏ ਹੋਣਗੇ ਇਤਿਹਾਸ ਵਿਚ ਇਸਦਾ ਕੋਈ ਵੇਰਵਾ ਨਹੀਂ ਹੈ ਜੋ ਖੋਜਣ ਦੀ ਲੋੜ ਹੈ।