ਪੰਜਾਬ ਵਿੱਚ ਤੇਜ਼ੀ ਨਾਲ ਮੌਸਮ ਬਦਲ ਰਿਹਾ ਹੈ। ਸੂਬੇ ਵਿੱਚ ਮਾਨਸੂਨ ਲਈ ਹਾਲਾਤ ਅਨੁਕੂਲ ਬਣ ਗਏ ਹਨ। ਮੌਸਮ ਵਿਭਾਗ ਮੁਤਾਬਕ ਮਾਨਸੂਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮਾਨਸੂਨ ਨੇ ਹਰਿਆਣਾ ਦੇ ਯਮੁਨਾਨਗਰ ਤੇ ਅੰਬਾਲਾ ਵਿੱਚ ਦਸਤਕ ਦੇ ਦਿੱਤੀ ਹੈ। ਹੁਣ ਅਗਲੇ 48 ਘੰਟਿਆਂ ਵਿੱਚ ਮਾਨਸੂਨ ਪੂਰੇ ਪੰਜਾਬ ਤੇ ਹਰਿਆਣਾ ਨੂੰ ਕਵਰ ਕਰ ਲਵੇਗਾ।
ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਪੰਜਾਬ ਵਿੱਚ ਭਾਰੀ ਮੀਂਹ ਦੀ ਯੈਲੋ ਅਲਰਟ ਜਾਰੀ ਕੀਤਾ ਹੈ। ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ, ਕੀਟਨਾਸ਼ਕਾਂ ਤੇ ਖਾਦਾਂ ਦੀ ਵਰਤੋਂ ਨੂੰ ਟਾਲ ਦੇਣਾ ਚਾਹੀਦਾ ਹੈ। ਭਾਰੀ ਮੀਂਹ ਦੌਰਾਨ ਬਾਹਰ ਜਾਣ ਤੋਂ ਬਚਿਆ ਜਾਏ। ਰੁੱਖਾਂ ਦੇ ਹੇਠਾਂ ਪਨਾਹ ਨਾ ਲਈ ਜਾਏ ਤੇ ਨਾਲਿਆਂ ਦੇ ਨੇੜੇ ਨਾ ਜਾਓ।
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਤੇ ਬੁੱਧਵਾਰ ਨੂੰ ਤੇਜ਼ ਗਰਜ਼ ਨਾਲ ਕਈ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋਵੇਗੀ। 29 ਜੂਨ ਨੂੰ ਕੁਝ ਹਿੱਸਿਆਂ ਵਿੱਚ ਮੀਂਹ ਤੇ ਗਰਜ ਨਾਲ ਮੀਂਹ ਪਵੇਗਾ। ਵਿਭਾਗ ਮੁਤਾਬਕ ਇਸ ਦੌਰਾਨ ਤਾਪਮਾਨ ‘ਚ ਚਾਰ ਤੋਂ ਪੰਜ ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਵਾਰ ਮਾਨਸੂਨ ਦੇ ਆਉਣ ‘ਚ ਕੁਝ ਦੇਰੀ ਹੋ ਸਕਦੀ ਹੈ। ਅਚਾਨਕ ਆਈ ਤਬਦੀਲੀ ਕਾਰਨ ਮਾਨਸੂਨ ਦੀ ਸ਼ੁਰੂਆਤ ਲਈ ਹਾਲਾਤ ਅਨੁਕੂਲ ਬਣ ਗਏ ਹਨ। ਐਤਵਾਰ ਨੂੰ ਪੰਜਾਬ ਦੇ ਤਾਪਮਾਨ ‘ਚ 2.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਆਮ ਨਾਲੋਂ 2 ਡਿਗਰੀ ਘੱਟ ਰਿਹਾ।
ਮੌਸਮ ਵਿਭਾਗ ਮੁਤਾਬਕ ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹੋਰ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ 37.8 ਡਿਗਰੀ, ਲੁਧਿਆਣਾ ਵਿੱਚ 33.2, ਪਟਿਆਲਾ ਵਿੱਚ 29.9, ਪਠਾਨਕੋਟ ਵਿੱਚ 35.6, ਫਤਿਹਗੜ੍ਹ ਸਾਹਿਬ ਵਿੱਚ 30.5, ਹੁਸ਼ਿਆਰਪੁਰ ਵਿੱਚ 35.1 ਤੇ ਰੋਪੜ ਵਿੱਚ 31.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਐਤਵਾਰ ਨੂੰ ਮੌਸਮ ਖੁਸ਼ਕ ਰਿਹਾ। ਘੱਟੋ-ਘੱਟ ਤਾਪਮਾਨ ਵਿੱਚ ਵੀ 1.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਇਹ ਆਮ ਨਾਲੋਂ 3.3 ਡਿਗਰੀ ਵੱਧ ਰਿਹਾ। ਚੰਡੀਗੜ੍ਹ ਵਿੱਚ ਸਭ ਤੋਂ ਘੱਟ ਤਾਪਮਾਨ 24.6 ਡਿਗਰੀ ਦਰਜ ਕੀਤਾ ਗਿਆ।