ਹੇ ਇਸਤ੍ਰੀ! ਤਦੋਂ ਸਿੰਗਾਰ ਬਣਾ ਜਦੋਂ ਪਹਿਲਾਂ ਖਸਮ ਨੂੰ ਪ੍ਰਸੰਨ ਕਰ ਲਏਂ, (ਨਹੀਂ ਤਾਂ) ਮਤਾਂ ਖਸਮ ਸੇਜ ਤੇ ਆਵੇ ਹੀ ਨਾਹ ਤੇ ਸਿੰਗਾਰ ਐਵੇਂ ਵਿਅਰਥ ਹੀ ਚਲਾ ਜਾਏ। ਹੇ ਇਸਤ੍ਰੀ! ਜੇ ਖਸਮ ਦਾ ਮਨ ਮੰਨ ਜਾਏ ਤਾਂ ਹੀ ਸਿੰਗਾਰ ਬਣਿਆ ਸਮਝ, ਇਸਤ੍ਰੀ ਦਾ ਸਿੰਗਾਰ ਕੀਤਾ ਹੋਇਆ ਤਾਂ ਹੀ ਕਬੂਲ ਹੈ ਜੇ ਖਸਮ ਉਸ ਨੂੰ ਪਿਆਰ ਕਰੇ।ਹੇ ਨਾਨਕ! ਜੇ ਜੀਵ-ਇਸਤ੍ਰੀ ਪ੍ਰਭੂ ਦੇ ਡਰ (ਵਿਚ ਰਹਿਣ) ਨੂੰ ਸਿੰਗਾਰ ਤੇ ਪਾਨ ਦਾ ਰਸ ਬਣਾਂਦੀ ਹੈ, ਪ੍ਰਭੂ ਦੇ ਪਿਆਰ ਨੂੰ ਭੋਜਨ (ਭਾਵ, ਜ਼ਿੰਦਗੀ ਦਾ ਆਧਾਰ) ਬਣਾਂਦੀ ਹੈ, ਤੇ ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਪੂਰਨ ਤੌਰ ਤੇ ਪ੍ਰਭੂ ਦੀ ਰਜ਼ਾ ਵਿਚ ਤੁਰਦੀ ਹੈ) ਉਸ ਨੂੰ ਖਸਮ-ਪ੍ਰਭੂ ਮਿਲਦਾ ਹੈ।੧।
ਮਃ ੩ ॥ ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥ ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ ॥੨॥ {ਪੰਨਾ 788}ਪਦਅਰਥ: ਕਾਜਲ = ਸੁਰਮਾ। ਧਨ = ਇਸਤ੍ਰੀ ਨੇ। ਵਿਕਾਰੁ = ਮੰਦਾ ਕੰਮ। ਏਵੈ = ਐਵੇਂ, ਸਗੋਂ।ਅਰਥ: ਇਸਤ੍ਰੀ ਨੇ ਸੁਰਮਾ, ਫੁੱਲ ਤੇ ਪਾਨਾਂ ਦਾ ਰਸ ਲੈ ਕੇ ਸਿੰਗਾਰ ਕੀਤਾ, (ਪਰ ਜੇ) ਖਸਮ ਸੇਜ ਤੇ ਨਾਹ ਆਇਆ ਤਾਂ ਇਹ ਸਿੰਗਾਰ ਸਗੋਂ ਵਿਕਾਰ ਬਣ ਗਿਆ (ਕਿਉਂਕਿ ਵਿਛੋੜੇ ਦੇ ਕਾਰਣ ਇਹ ਦੁਖਦਾਈ ਹੋ ਗਿਆ) ।੨।ਮਃ ੩ ॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥ {ਪੰਨਾ 788}
ਪਦਅਰਥ: ਏਹਿ = {ਲਫ਼ਜ਼ ‘ਏਹ’ ਤੋਂ ‘ਬਹੁ-ਵਚਨ’ ਹੈ, ‘ਇਕ-ਵਚਨ’ “ਏਹੁ” ਹੈ}। ਮੂਰਤੀ = ਜਿਸਮ।
ਅਰਥ: ਜੋ (ਸਿਰਫ਼ ਸਰੀਰਕ ਤੌਰ ਤੇ) ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖੀਦਾ; ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿਚ ਇੱਕੋ ਆਤਮਾ ਹੋ ਜਾਏ ਉਹ ਹੈ ਇਸਤ੍ਰੀ ਤੇ ਉਹ ਹੈ ਪਤੀ।੩।ਪਉੜੀ ॥ ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥ ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ ॥ ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ ॥ ਮਨੁ ਤਨੁ ਨਿਰਮਲੁ ਅਤਿ ਸੋਹਣਾ ਭੇਟਿਆ ਕ੍ਰਿਸਨ ਮੁਰਾਰਿ ॥ ਭਉ ਭਾਉ ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ ॥੯॥ {ਪੰਨਾ 788}
Live99 media My WordPress Blog