ਜਬਰਜ਼ਨਾਹ ਅਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਬੁੱਧਵਾਰ ਨੂੰ ਇੱਕ ਵਾਰ ਫਿਰ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਭਾਰੀ ਪੁਲਿਸ ਸੁਰੱਖਿਆ ਦੇ ਵਿਚਕਾਰ ਉਹ ਹਰਿਆਣਾ ਦੀ ਜੇਲ੍ਹ ਤੋਂ ਯੂਪੀ ਦੇ ਬਰਨਾਵਾ ਆਸ਼ਰਮ ਲਈ ਰਵਾਨਾ ਹੋਇਆ ਹੈ।
ਦੱਸ ਦਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਰਾਮ ਰਹੀਮ ਦੀ ਪੈਰੋਲ ਮਨਜ਼ੂਰ ਹੋ ਗਈ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਗੁਰਮੀਤ ਰਾਮ ਰਹੀਮ ਦੀ 20 ਦਿਨਾਂ ਦੀ ਪੈਰੋਲ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ। ਚੋਣ ਕਮਿਸ਼ਨ ਨੇ ਰਾਮ ਰਹੀਮ ਅੱਗੇ ਤਿੰਨ ਸ਼ਰਤਾਂ ਵੀ ਰੱਖੀਆਂ ਹਨ।

ਮਿਲੀ ਜਾਣਕਾਰੀ ਮੁਤਾਬਿਕ ਡੇਰਾ ਸਿਰਸਾ ਮੁਖੀ ਨੂੰ ਚੋਣ ਕਮਿਸ਼ਨ ਦੀਆਂ ਕੁਝ ਸ਼ਰਤਾਂ ‘ਤੇ ਪੈਰੋਲ ਮਿਲੀ ਹੈ। ਸ਼ਰਤਾਂ ਮੁਤਾਬਕ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਹਰਿਆਣਾ ਵਿੱਚ ਨਹੀਂ ਰਹੇਗਾ। ਉਹ ਕਿਸੇ ਸਿਆਸੀ ਗਤੀਵਿਧੀ ਦਾ ਹਿੱਸਾ ਵੀ ਨਹੀਂ ਬਣੇਗਾ। ਸੋਸ਼ਲ ਮੀਡੀਆ ‘ਤੇ ਪ੍ਰਚਾਰ ਨਹੀਂ ਕਰ ਸਕੇਗਾ। ਕਾਬਿਲੇਗੌਰ ਹੈ ਕਿ ਗੁਰਮੀਤ ਰਾਮ ਰਹੀਮ ਨੇ 20 ਦਿਨਾਂ ਲਈ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਸੀ। ਗੁਰਮੀਤ ਰਾਮ ਰਹੀਮ ਨੇ ਜੇਲ੍ਹ ਵਿਭਾਗ ਨੂੰ ਦਿੱਤੀ ਅਰਜ਼ੀ ਵਿੱਚ ਕਿਹਾ ਸੀ ਕਿ ਉਹ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਰਹੇਗਾ।
ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ ਕਦੋਂ-ਕਦੋਂ ਮਿਲੀ?
24 ਅਕਤੂਬਰ 2020: ਇੱਕ ਦਿਨ ਲਈ ਪੈਰੋਲ ਮਿਲੀ। ਹਸਪਤਾਲ ‘ਚ ਦਾਖਲ ਆਪਣੀ ਮਾਂ ਨੂੰ ਮਿਲਣ ਗਿਆ।
21 ਮਈ 2021: 12 ਘੰਟਿਆਂ ਲਈ ਪੈਰੋਲ ਦਿੱਤੀ ਗਈ। ਮਾਂ ਨੂੰ ਮਿਲਣ ਲਈ ਦੂਜੀ ਵਾਰ ਹਸਪਤਾਲ ਗਿਆ।
7 ਫਰਵਰੀ 2022: 21 ਦਿਨਾਂ ਲਈ ਫਰਲੋ ਮਿਲੀ। ਇਸ ਵਾਰ ਪਰਿਵਾਰ ਨੂੰ ਮਿਲਣ ਗਿਆ।
17 ਜੂਨ 2022: 30 ਦਿਨਾਂ ਲਈ ਪੈਰੋਲ ਮਿਲੀ। ਯੂਪੀ ਦੇ ਬਾਗਪਤ ਆਸ਼ਰਮ ਭੇਜ ਦਿੱਤਾ।
14 ਅਕਤੂਬਰ 2022: 40 ਦਿਨਾਂ ਲਈ ਪੈਰੋਲ ਦਿੱਤੀ ਗਈ। ਉਹ ਬਾਗਪਤ ਆਸ਼ਰਮ ਵਿੱਚ ਰਿਹਾ ਅਤੇ ਇਸ ਦੌਰਾਨ ਵੀਡੀਓ ਵੀ ਜਾਰੀ ਕੀਤੇ।
21 ਜਨਵਰੀ 2023: 40 ਦਿਨਾਂ ਲਈ ਪੈਰੋਲ ਮਿਲੀ। ਉਹ ਜੇਲ੍ਹ ਤੋਂ ਬਾਹਰ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਹਾੜੇ ਵਿੱਚ ਸ਼ਾਮਲ ਹੋਣ ਲਈ ਆਇਆ ਸੀ।
20 ਜੁਲਾਈ 2023: 30 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ। ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਰਿਹਾ ।
21 ਨਵੰਬਰ 2023: 21 ਦਿਨਾਂ ਲਈ ਫਰਲੋ ਮਿਲੀ ਅਤੇ ਬਰਨਾਵਾ ਆਸ਼ਰਮ ਵਿੱਚ ਰਹੇ।
19 ਜਨਵਰੀ 2024: 50 ਦਿਨਾਂ ਲਈ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ। ਇਹ ਉਹ ਸਮਾਂ ਸੀ ਜਦੋਂ ਲੋਕ ਸਭਾ ਚੋਣਾਂ ਨੇੜੇ ਸੀ।
13 ਅਗਸਤ 2024: ਹਾਈ ਕੋਰਟ ਨੇ 21 ਦਿਨਾਂ ਦੀ ਫਰਲੋ ਨੂੰ ਮਨਜ਼ੂਰੀ ਦਿੱਤੀ। ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਅਤੇ ਯੂਪੀ ਵਿੱਚ ਉਪ ਚੋਣਾਂ ਨੇੜੇ ਹਨ।
Live99 media My WordPress Blog