Punjab ਦੇ ਇਨ੍ਹਾਂ ਸ਼ਹਿਰਾਂ ‘ਚ ਪੈਣਾ ਅੱਜ ਭਾਰੀ ਮੀਂਹ !

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਪੰਜਾਬ ਵਿਚ ਅਗਲੇ 24 ਘੰਟਿਆਂ ਦੌਰਾਨ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਦੱਸ ਦਈਏ ਕਿ ਕੱਲ੍ਹ ਸ਼ਾਮ ਤੋਂ ਹੀ ਸੂਬੇ ਵਿਚ ਮੌਸਮ ਬਦਲਿਆ ਹੋਇਆ ਹੈ। ਕਈ ਜ਼ਿਲ੍ਹਿਆਂ ਵਿਚ ਬਾਰਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਦੂਜੇ ਪਾਸੇ ਰਾਜਧਾਨੀ ਦਿੱਲੀ ਵਿਚ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ, ਜਿਸ ਕਾਰਣ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਦਿੱਲੀ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਦੇਸ਼ ਭਰ ਦੇ ਪੰਜ ਸੂਬਿਆਂ ਵਿਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਬਰਨਾਲਾ, ਬਠਿੰਡਾ, ਲੁਧਿਆਣਾ, ਮੋਗਾ, ਰੋਪੜ, ਕਪੂਰਥਲਾ, ਨਵਾਂਸ਼ਹਿਰ, ਫਿਰੋਜ਼ਪੁਰ, ਜਲੰਧਰ ਸਮੇਤ ਕਈ ਜਗ੍ਹਾ ਬਾਰਿਸ਼ ਹੋਈ। ਇਸ ਨਾਲ ਸੂਬੇ ਵਿਚ ਦਿਨ ਦਾ ਤਾਪਮਾਨ ਵੀ 31 ਡਿਗਰੀ ਤੋਂ ਲੈ ਕੇ 36 ਡਿਗਰੀ ਤਕ ਰਿਹਾ। ਪੰਜਾਬ ਵਿਚ ਅਗਲੇ ਦੋ ਦਿਨ ਮੀਂਹ ਦੇ ਆਸਾਰ ਹਨ। ਦੂਜੇ ਪਾਸੇ ਦੇਸ਼ ਵਿਚ ਮਾਨਸੂਨ ਦਾ ਅੱਧੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਅਜੇ ਤਕ ਦੇਸ਼ ਵਿਚ ਆਮ ਬਾਰਿਸ਼ ਹੋਈ ਹੈ। ਇਕ ਜੂਨ ਤੋਂ ਲੈ ਕੇ 25 ਅਗਸਤ ਤਕ ਦੇਸ਼ ਵਿਚ 830.9 ਮਿ.ਮੀ ਬਾਰਿਸ਼ ਹੁੰਦੀ ਹੈ। ਇਸ ਵਾਰ 827.0 ਮਿ.ਮੀ ਬਾਰਿਸ਼ ਹੋ ਚੁੱਕੀ ਹੈ। ਰਿਪੋਰਟ ਮੁਤਾਬਕ 4 ਫੀਸਦੀ ਘੱਟ ਬਾਰਿਸ਼ ਹੋਈ ਹੈ।

ਗੁਜਰਾਤ ਵਿੱਚ ਮੀਂਹ ਕਾਰਨ ਐਮਰਜੈਂਸੀ ਚੱਲ ਰਹੀ ਹੈ। ਰਿਕਾਰਡ ਬਾਰਿਸ਼ ਕਾਰਨ ਮੌਸਮ ਵਿਭਾਗ ਨੇ ਗੁਜਰਾਤ ਦੇ 27 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ । ਪਿਛਲੇ 48 ਘੰਟਿਆਂ ਦੀ ਭਾਰੀ ਬਾਰਿਸ਼ ਨੇ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣਾ ਦਿੱਤੇ ਸਨ। ਹੁਣ ਮੌਸਮ ਵਿਭਾਗ ਨੇ 28 ਅਤੇ 29 ਅਗਸਤ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਜ਼ਿਆਦਾਤਰ ਡੈਮ ਓਵਰਫਲੋ ਹੋ ਚੁੱਕੇ ਹਨ। ਨਦੀਆਂ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਕੇ ਤਬਾਹੀ ਮਚਾਉਣ ਲਈ ਬੇਤਾਬ ਹਨ। ਰਿਹਾਇਸ਼ੀ ਇਲਾਕੇ ਟਾਪੂਆਂ ਵਿੱਚ ਤਬਦੀਲ ਹੋ ਗਏ ਹਨ । ਮੂਸਲਾਧਾਰ ਬਾਰਿਸ਼ ਤੋਂ ਬਾਅਦ ਕਈ-ਕਈ ਫੁੱਟ ਤੱਕ ਪਾਣੀ ਖੜ੍ਹਾ ਹੋਣ ਕਾਰਨ ਲੋਕ ਆਪਣੇ ਘਰਾਂ ਵਿੱਚ ਹੀ ਕੈਦ ਰਹਿਣ ਲਈ ਮਜਬੂਰ ਹਨ।

ਗੁਜਰਾਤ ਵਿੱਚ ਅਸਮਾਨੀ ਆਫ਼ਤ ਨੇ ਤਬਾਹੀ ਮਚਾ ਦਿੱਤੀ ਹੈ। ਜਾਮਨਗਰ ਤੋਂ ਲੈ ਕੇ ਜੂਨਾਗੜ੍ਹ, ਵਡੋਦਰਾ ਤੋਂ ਬਨਾਸਕਾਂਠਾ ਅਤੇ ਅਰਾਵਲੀ ਤੋਂ ਅਹਿਮਦਾਬਾਦ ਤੱਕ ਪਾਣੀ ਦਾ ਸੰਕਟ ਦਿਖਾਈ ਦੇ ਰਿਹਾ ਹੈ। ਪਾਸ਼ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਵੀ ਪਾਣੀ ਭਰਨ ਕਾਰਨ ਪ੍ਰੇਸ਼ਾਨ ਦਿਖਾਈ ਦਿੱਤੇ । ਇਸ ਦੇ ਨਾਲ ਹੀ ਵਡੋਦਰਾ ‘ਚ ਸੜਕਾਂ ‘ਤੇ ਕਈ ਫੁੱਟ ਪਾਣੀ ਖੜ੍ਹਾ ਹੈ। ਵਡੋਦਰਾ ‘ਚ ਪਿਛਲੇ 48 ਘੰਟਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਸ਼ਹਿਰ ਦੀ ਰਫਤਾਰ ‘ਤੇ ਬ੍ਰੇਕ ਲਗਾ ਦਿੱਤੀ ਹੈ। ਪ੍ਰਸ਼ਾਸਨ ਅਤੇ ਏਡੀਆਰਐਫ ਦੀ ਟੀਮ ਨੀਵੇਂ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਬਚਾ ਰਹੀ ਹੈ। ਵਿਸ਼ਵਾਮਿੱਤਰ ਨਦੀ ਖ਼ਤਰੇ ਦੇ ਪੱਧਰ ਤੋਂ 8 ਫੁੱਟ ਉੱਪਰ ਵਹਿ ਰਹੀ ਹੈ। ਜਿਸ ਕਾਰਨ ਨੀਵੇਂ ਇਲਾਕਿਆਂ ਦੇ ਡੁੱਬਣ ਦਾ ਖਤਰਾ ਬਣਿਆ ਹੋਇਆ ਹੈ। ਪ੍ਰਸ਼ਾਸਨ ਦੀ ਟੀਮ ਹੁਣ ਤੱਕ 4 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਚੁੱਕੀ ਹੈ।