(ਹੇ ਭਾਈ! ਪਤਾ ਨਹੀਂ ਜੀਵ) ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ। (ਜੀਵ ਸਾਰੇ ਮੰਦੇ ਕਰਮ) ਕਰਦੇ ਕਰਾਂਦੇ ਭੀ ਹਨ, (ਫਿਰ) ਮੁੱਕਰ ਭੀ ਜਾਂਦੇ ਹਨ (ਕਿ ਅਸਾਂ ਨਹੀਂ ਕੀਤੇ) । ਪਰ ਪਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਵੱਸਦਾ (ਸਭਨਾਂ ਦੀਆਂ ਕਰਤੂਤਾਂ) ਵੇਖਦਾ ਸੁਣਦਾ ਹੈ।੧।ਰਹਾਉ।
ਹੇ ਭਾਈ! ਕੱਚ ਦਾ ਵਪਾਰ ਕਰਨਾ, ਸੋਨਾ ਛੱਡ ਦੇਣਾ, ਸੱਚੇ ਮਿੱਤਰ ਤਿਆਗ ਕੇ ਵੈਰੀ ਨਾਲ ਪਿਆਰ-(ਇਹ ਹਨ ਜੀਵਾਂ ਦੀਆਂ ਕਰਤੂਤਾਂ) । ਪਰਮਾਤਮਾ (ਦਾ ਨਾਮ) ਕੌੜਾ ਲੱਗਣਾ, ਮਾਇਆ ਦਾ ਮੋਹ ਮਿੱਠਾ ਲੱਗਣਾ (-ਇਹ ਹੈ ਨਿੱਤ ਦਾ ਸੁਭਾਉ ਜੀਵਾਂ ਦਾ। ਮਾਇਆ ਦੇ ਮੋਹ ਵਿਚ ਫਸ ਕੇ ਸਦਾ ਖਿੱਝਦੇ ਰਹਿੰਦੇ ਹਨ) ।੧।ਹੇ ਭਾਈ! ਜੀਵ (ਸਦਾ) ਮੋਹ ਦੇ ਅੰਨ੍ਹੇ (ਹਨੇਰੇ) ਖੂਹ ਵਿਚ ਪਏ ਰਹਿੰਦੇ ਹਨ, (ਜੀਵਾਂ ਨੂੰ ਸਦਾ) ਭਟਕਣਾ ਲੱਗੀ ਰਹਿੰਦੀ ਹੈ, ਮੋਹ ਦੇ ਹਨੇਰੇ ਜਕੜ ਵਿਚ ਫਸੇ ਰਹਿੰਦੇ ਹਨ (ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ) । ਹੇ ਨਾਨਕ! ਆਖ-ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਗੁਰੂ ਉਸ ਦੀ) ਬਾਂਹ ਫੜ ਕੇ (ਉਸ ਨੂੰ ਹਨੇਰੇ ਖੂਹ ਵਿਚੋਂ) ਕੱਢ ਲੈਂਦਾ ਹੈ।੨।੧੦।੯੬।
(ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧।ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ।੨।੧।