ਆਮ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਬੰਦ ਪਰਲਜ਼ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਮੌਤ ਹੋ ਗਈ ਹੈ। ਨਿਰਮਲ ਸਿੰਘ ਭੰਗੂ ਪਰਲਜ਼ ਕੰਪਨੀ ਰਾਹੀਂ ਨਿਵੇਸ਼ਕਾਂ ਦੇ 45 ਹਜ਼ਾਰ ਕਰੋੜ ਰੁਪਏ ਠੱਗਣ ਦੇ ਦੋਸ਼ਾਂ ਤਹਿਤ ਜੇਲ੍ਹ ਵਿਚ ਬੰਦ ਸੀ।
ਦੱਸਿਆ ਜਾਂਦਾ ਹੈ ਕਿ ਭੰਗੂ ਨੂੰ ਸ਼ਾਮ ਦੀਨ ਦਿਆਲ ਉਪਾਧਿਆਏ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਰਾਤ ਕਰੀਬ 7.50 ਵਜੇ ਉਸ ਨੇ ਦਮ ਤੋੜ ਦਿੱਤਾ। ਉਸ ਨੂੰ ਘਪਲੇ ਦੇ ਸਬੰਧ ਵਿਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 2016 ਵਿਚ ਗ੍ਰਿਫ਼ਤਾਰ ਕੀਤਾ ਸੀ ਤੇ ਉਦੋਂ ਤੋਂ ਹੀ ਉਹ ਜੇਲ੍ਹ ਵਿਚ ਸੀ। ਭੰਗੂ ਨੂੰ ਜਨਵਰੀ 2016 ਵਿਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ। ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਵਸਨੀਕ ਸੀ, ਇਸ ਤੋਂ ਬਾਅਦ ਉਹ 70 ਦੇ ਦਹਾਕੇ ਵਿੱਚ ਨੌਕਰੀ ਦੀ ਭਾਲ ਵਿੱਚ ਕੋਲਕਾਤਾ ਚਲਾ ਗਿਆ।
ਉਥੇ ਉਸ ਨੇ ਕੁਝ ਸਾਲ ਪੀਅਰਲੇਸ ਨਾਮ ਦੀ ਇਨਵੈਸਟਮੈਂਟ ਕੰਪਨੀ ਵਿਚ ਕੰਮ ਕੀਤਾ, ਜਿਸ ਤੋਂ ਬਾਅਦ ਉਸ ਨੇ ਹਰਿਆਣਾ ਦੀ ਇਕ ਕੰਪਨੀ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਇਸ ਕੰਪਨੀ ਦੇ ਬੰਦ ਹੋਣ ਤੋਂ ਬਾਅਦ ਨਿਰਮਲ ਸਿੰਘ ਬੇਰੁਜ਼ਗਾਰ ਹੋ ਗਿਆ ਪਰ ਇਸ ਸਮੇਂ ਦੌਰਾਨ, ਉਸ ਨੇ ਚਿੱਟ ਫੰਡ ਦੇ ਨਾਮ ਉਤੇ ਲੋਕਾਂ ਨੂੰ ਠੱਗਣ ਦਾ ਇੱਕ ਚੰਗਾ ਹੁਨਰ ਸਿੱਖ ਲਿਆ ਸੀ, ਉਸ ਨੇ 1980 ਵਿੱਚ ਪਰਲਜ਼ ਗੋਲਡਨ ਫੋਰੈਸਟ (ਪੀਜੀਐਫ) ਨਾਮਕ ਕੰਪਨੀ ਬਣਾਈ, ਜਿਸ ਨੇ ਰੁੱਖਾਂ ਦੇ ਬੂਟਿਆਂ ਵਿੱਚ ਨਿਵੇਸ਼ ਕਰਕੇ ਲੋਕਾਂ ਨੂੰ ਚੰਗੇ ਮੁਨਾਫੇ ਦਾ ਵਾਅਦਾ ਕੀਤਾ। 1996 ਤੱਕ ਉਸ ਨੇ ਇਸ ਤੋਂ ਕਰੋੜਾਂ ਰੁਪਏ ਇਕੱਠੇ ਕਰ ਲਏ ਸਨ ਪਰ ਇਨਕਮ ਟੈਕਸ ਅਤੇ ਹੋਰ ਪੜਤਾਲਾਂ ਕਾਰਨ ਉਸ ਨੂੰ ਇਹ ਕੰਪਨੀ ਬੰਦ ਕਰਨੀ ਪਈ।
ਨਿਰਮਲ ਸਿੰਘ ਭੰਗੂ ਨੇ 1996 ਵਿੱਚ PACL ਨਾਮ ਦੀ ਇੱਕ ਰੀਅਲ ਅਸਟੇਟ ਕੰਪਨੀ ਬਣਾਈ ਅਤੇ ਫਿਰ ਇਸ ਨੂੰ ਇੱਕ ਨਿਵੇਸ਼ ਸਕੀਮ ਵਿੱਚ ਬਦਲ ਦਿੱਤਾ। ਲੋਕਾਂ ਨੂੰ ਭਾਰੀ ਮੁਨਾਫ਼ੇ ਦਾ ਲਾਲਚ ਦੇ ਕੇ ਕਰੋੜਾਂ ਰੁਪਏ ਦਾ ਨਿਵੇਸ਼ ਕਰਵਾ ਲਿਆ ਅਤੇ ਕੁਝ ਹੀ ਸਮੇਂ ਵਿੱਚ 5 ਕਰੋੜ ਭੋਲੇ-ਭਾਲੇ ਨਿਵੇਸ਼ਕਾਂ ਨੇ 50,000 ਕਰੋੜ ਰੁਪਏ ਦਾ ਨਿਵੇਸ਼ ਕਰ ਲਿਆ। PACL ਕਰੀਬ 30 ਲੱਖ ਏਜੰਟਾਂ ਨਾਲ ਆਪਣਾ ਕਾਰੋਬਾਰ ਚਲਾਉਂਦਾ ਸੀ। ਇਸ ਧੋਖਾਧੜੀ ਰਾਹੀਂ ਭੰਗੂ ਨੇ ਅਰਬਾਂ ਰੁਪਏ ਦਾ ਸਾਮਰਾਜ ਖੜ੍ਹਾ ਕਰ ਲਿਆ। ਅੱਜ ਭੰਗੂ ਦੀ ਦੇਸ਼ ਦੇ ਲਗਭਗ ਹਰ ਛੋਟੇ-ਵੱਡੇ ਸ਼ਹਿਰ ਵਿੱਚ ਅਰਬਾਂ ਦੀ ਜਾਇਦਾਦ ਹੈ। ਇਹ ਆਸਟ੍ਰੇਲੀਆ ਅਤੇ ਹੋਰ ਥਾਵਾਂ ‘ਤੇ ਵੀ ਉਸ ਦੀ ਸੰਪਤੀ ਹੈ।