ਖਤਰੇ ਦੇ ਨਿਸ਼ਾਨ ਨੇੜੇ ਪੁੱਜਾ ਘੱਗਰ ਦਰਿਆ

ਹਿਮਾਚਲ ਪ੍ਰਦੇਸ਼ ਵਿਚ ਪੈ ਰਹੇ ਲਗਾਤਾਰ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹਾਂ ਦਾ ਖਤਰਾ ਪੈਦਾ ਹੋ ਗਿਆ ਹੈ। ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਘੱਗਰ ਦਰਿਆ ਖਨੌਰੀ ਕੋਲ 740 ਫੁੱਟ ਉਤੇ ਵਹਿ ਰਿਹਾ ਹੈ।

ਖਨੌਰੀ ਨੇੜੇ ਦਰਿਆ ਦੇ ਵਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਡਿਪਟੀ ਕਮਿਸ਼ਨਰ ਅਤੇ ਵਿਧਾਇਕ ਬਰਿੰਦਰ ਗੋਇਲ ਨੇ ਘੱਗਰ ਦਾ ਜਾਇਜ਼ਾ ਲਿਆ ਹੈ। ਘੱਗਰ ਵਿਚ ਵਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਪਿੰਡਾਂ ਵਿਚ ਅਨਾਊਂਸਮੈਂਟਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ।ਇਸ ਸਮੇਂ ਘੱਗਰ ਖਤਰੇ ਦੇ ਨਿਸ਼ਾਨ ਤੋਂ ਸਿਰਫ਼ 7 ਫੁੱਟ ਥੱਲੇ ਵਹਿ ਰਿਹਾ ਹੈ। ਘੱਗਰ ਦਾ ਖਤਰੇ ਦਾ ਨਿਸਾਨ 747 ਫੁੱਟ ਉਤੇ ਹੈ। ਦੱਸ ਦਈਏ ਕਿ ਪਿਛਲੇ ਸਾਲ 12 ਜੁਲਾਈ ਨੂੰ ਘੱਗਰ ਦਾ ਬੰਨ੍ਹ ਟੁੱਟਿਆ ਸੀ। ਖਨੌਰੀ ਮੂਨਕ ਇਲਾਕੇ ਦੇ ਤਕਰੀਬਨ 15 ਪਿੰਡ ਇਸ ਦੇ ਲਪੇਟੇ ਵਿਚ ਆਏ ਸੀ। ਇਸ ਵਾਰ ਹੁਣ ਫ਼ਿਰ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ।

ਪ੍ਰਸ਼ਾਸ਼ਨ ਵੱਲੋਂ ਘੱਗਰ ਦੇ ਸਾਰੇ ਬੰਨ੍ਹ ਮਜ਼ਬੂਤ ਕੀਤੇ ਗਏ ਹਨ। ਕਿਨਾਰਿਆਂ ਉਤੇ ਹਜਾਰਾਂ ਦੀ ਗਿਣਤੀ ਵਿੱਚ ਮਿੱਟੀ ਦੇ ਥੈਲੇ ਭਰ ਕੇ ਰੱਖੇ ਗਏ ਹਨ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਹਰ ਘੰਟੇ ਵੱਧ ਰਹੇ ਪਾਣੀ ਦੇ ਪੱਧਰ ਦੇ ਉੱਪਰ ਨਜ਼ਰ ਬਣਾਈ ਹੋਈ ਹੈ।

ਚੌਕਸੀ ਟੀਮਾਂ ਹਰ ਸਮੇਂ ਗਸ਼ਤ ਲਈ ਤਿਆਰ ਹਨ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਫਿਲਹਾਲ ਦਰਿਆ ਖਤਰੇ ਦੇ ਨਿਸਾਨ ਤੋਂ 7 ਫੁੱਟ ਥੱਲੇ ਵਹਿ ਰਿਹਾ ਹੈ। ਪਹਿਲਾਂ 18 ਫੁੱਟ ਪਾਣੀ ਤੇਜ਼ੀ ਨਾਲ ਵਧਿਆ ਸੀ। ਅੱਜ ਪੂਰੇ ਦਿਨ ਵਿਚ ਸਿਰਫ ਇੱਕ ਫੁੱਟ ਪਾਣੀ ਵਧਿਆ ਹੈ।