ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ। ਰਹਾਉ।
ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ।੧।ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ, ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ।੨।
ਹੇ ਭਾਈ! ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ। ਗੁਰੂ ਦੀ ਸੰਗਤਿ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੩।ਹੇ ਭਾਈ! ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ, ਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ।੪।ਹੇ ਭਾਈ! ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ। ਹੇ ਨਾਨਕ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ।੫।੧।੫੫।
ਹੇ ਮੇਰੇ ਮਨ! ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ) । (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।ਰਹਾਉ।(ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ।੧।