ਸਾਬਕਾ ਜਥੇਦਾਰ ਬਾਰੇ ਵੱਡੀ ਖਬਰ

ਅੱਜ ਕਿਸੇ ਨੇ ਵੀ, ਕਿਸੇ ਵੀ ਚੀਜ਼ ਜਾ ਸੰਸਥਾ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਗੂਗਲ ’ਤੇ ਚਲਾ ਜਾਂਦਾ ਹੈ ਤੇ ਵੇਖਦਾ ਹੈ ਕਿ ਇਸ ਦਾ ਮਤਲਬ ਕੀ ਦਿਤਾ ਗਿਆ ਹੈ? ‘ਜਥੇਦਾਰ ਅਕਾਲ ਤਖ਼ਤ’ ਦਾ ਜਦੋਂ ਅਸੀ ਮਤਲਬ ਢੂੰਡਦੇ ਹਾਂ ਤਾਂ ਉਥੇ ਇਹ ਆਉਂਦਾ ਹੈ ਕਿ ਇਕ ਜੱਥਾ ਭਾਵ ਇਕ ਸਮੂਹ ਜਿਸ ਦਾ ‘ਦਾਰ’ ਜਾਂ ਸਰਦਾਰ ਉਸ ਨੂੰ ਸੰਭਾਲਦਾ ਹੈ ਤੇ ਉਹ ਸਾਰੀ ਸਿੱਖ ਕੌਮ ਦਾ ਪ੍ਰਤੀਨਿਧ ਹੁੰਦਾ ਹੈ, ਜਿਸ ਉਤੇ ਸਾਰੇ ਸਿੱਖਾਂ ਦਾ ਭਰੋਸਾ ਬਣਿਆ ਹੁੰਦਾ ਹੈ। ਉਹ ਕਿਸੇ ਨੂੰ ਵੀ ਬੁਲਾ ਸਕਦਾ ਹੈ, ਤਨਖ਼ਾਹ ਲਾ ਸਕਦਾ ਹੈ।

ਇਸ ਤਰ੍ਹਾਂ ਦੀ ਤਾਕਤ ਅਸੀ ਕਿਹੜੇ ‘ਜਥੇਦਾਰ’ ਨੂੰ ਦਿਤੀ ਹੈ ਤੇ ਕਦੋਂ ਕੌਮ ਨੇ ਉਸ ਨੂੰ ਅਪਣਾ ਪ੍ਰਤੀਨਿਧ ਬਣਾਇਆ, ਇਸ ਬਾਰੇ ਅਸੀ ਸਵਾਲ ਚੁਕਦੇ ਰਹਿੰਦੇ ਹਾਂ ਪਰ ਬਾਵਜੂਦ ਇਸ ਦੇ ਅੱਜ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਤਾਰ ਕੇ ਗਿਆਨੀ ਰਘਬੀਰ ਸਿੰਘ ਨੂੰ ਲਾਇਆ ਗਿਆ ਹੈ, ਉਸ ਦਾ ਜਥੇਦਾਰ ਦੀ ਤਾਕਤ, ਸਾਰੀ ਸਿੱਖ ਕੌਮ ਦਾ ਸਾਂਝਾ ਪ੍ਰਤੀਨਿਧ ਵਰਗੀ ਪਰਿਭਾਸ਼ਾ ਨਾਲ ਬਿਲਕੁਲ ਵੀ ਕੋਈ ਮੇਲ ਨਹੀਂ ਹੈ। ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਹ ਦਿਤਾ ਗਿਆ ਹੈ, ਇਹ ਸਮਝ ਨਹੀਂ ਆ ਰਿਹਾ ਕਿ ਇਹ ਧਾਰਮਕ ਫ਼ੈਸਲਾ ਹੈ, ਸਿਆਸੀ ਫ਼ੈਸਲਾ ਹੈ ਜਾਂ ਫਿਰ ਨਿੱਜੀ ਫ਼ੈਸਲਾ ਹੈ?

ਜਾਂ ਅਕਾਲੀ ਦਲ ਦੇ ਸੁਪ੍ਰੀਮੋ ਨੂੰ ਗੁੱਸਾ ਆ ਗਿਆ ਕਿ ਜਥੇਦਾਰ ਸਾਹਬ ਨੇ ਉਨ੍ਹਾਂ ਦੀ ਪਾਰਟੀ ਬਾਰੇ ਅਪਣੀ ਪੰਥਕ ਨੀਤੀ ਤੋਂ ਪਿੱਛੇ ਹੱਟ ਜਾਣ ਦਾ ਸੱਚ ਕਿਉਂ ਬੋਲ ਦਿਤਾ ਜਾਂ ਉਨ੍ਹਾਂ ਨੂੰ ਲਗਿਆ ਕਿ ਉਨ੍ਹਾਂ ਦੇ ਉਥੇ ਰਹਿਣ ਨਾਲ ਬਾਦਲਾਂ ਦੀ ਪੰਜਾਬੀ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ? ਜੇ ਇਹ ਧਾਰਮਕ ਫ਼ੈਸਲਾ ਹੁੰਦਾ ਤਾਂ ਉਹ ਫ਼ੈਸਲਾ ਉਦੋਂ ਕਰਦੇ ਜਦੋਂ ਸਿੱਖ ਕਿਸੇ ਹੋਰ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਬਰਾਬਰ ਜਾਂ ਉਨ੍ਹਾਂ ਤੋਂ ਉਪਰ ਸਮਝਦੇ। ਉਨ੍ਹਾਂ ਤੋਂ ਉਪਰ ਕੌਣ ਹੈ? ਜੇ ਅਸੀ ਬਾਕੀ ਧਰਮਾਂ ਵਲ ਵੇਖੀਏ, ਪੋਪ ਵਲ ਵੇਖੀਏ ਤਾਂ ਉਸ ਕੋਲ ਹੁਣ ਤਾਕਤ ਕੋਈ ਨਹੀਂ ਰਹਿਣ ਦਿਤੀ ਗਈ ਪਰ ਜਦੋਂ ਪੋਪ ਨੂੰ ਇਸ ਅਹੁਦੇ ਤੇ ਇਕ ਵਾਰ ਬਿਠਾ ਦਿਤਾ ਜਾਂਦਾ ਹੈ ਤਾਂ ਉਸ ਨੂੰ ਹਟਾਉਣ ਦੀ ਤਾਕਤ ਕਿਸੇ ਕੋਲ ਨਹੀਂ ਰਹਿੰਦੀ, ਰੱਬ ਕੋਲ ਹੀ ਰਹਿੰਦੀ ਹੈ। ਆਖ਼ਰੀ ਦਮ ਤਕ ਉਹ ਉਸੇ ਅਹੁਦੇ ’ਤੇ ਬਣਿਆ ਰਹਿੰਦਾ ਹੈ।

ਉਸ ਨੂੰ ਤੁਸੀ ਅਪਣੀ ਮਰਜ਼ੀ ਨਾਲ ਇਹ ਕਹਿ ਕੇ ਕਿ ‘ਅੱਜ ਮੈਂ ਇਸ ਤੋਂ ਖ਼ੁਸ਼ ਹਾਂ ਤੇ ਇਹ ਅਹੁਦੇ ਤੇ ਬਣਿਆ ਰਹੇਗਾ’, ਪਰ ਕਲ ਨੂੰ ਇਹ ਕਹਿ ਕੇ ਕਿ ‘ਇਹਨੇ ਮੈਨੂੰ ਅੱਜ ਨਾਰਾਜ਼ ਕਰ ਦਿਤਾ ਹੈ ਤੇ ਇਸ ਨੂੰ ਸ਼ਾਮ ਤਕ ਅਹੁਦੇ ਤੋਂ ਲਾਹੁਣਾ ਜ਼ਰੂਰੀ ਹੋ ਗਿਆ ਹੈ’ ਵਾਲਾ ਕਹਿਰ ਨਹੀਂ ਢਾਹ ਸਕਦੇ। ਕਿਸੇ ਵੀ ਕਾਰਨ ਕਰ ਕੇ ਅੱਜ ਗਿ: ਹਰਪ੍ਰੀਤ ਸਿੰਘ ਨੂੰ ਹਟਾ ਦਿਤਾ ਗਿਆ ਹੈ। ਇਹ ਸਿਰਫ਼ ਗਿਆਨੀ ਜੀ ਦੀ ਬੇਇਜ਼ਤੀ ਨਹੀਂ ਬਲਕਿ ਪੂਰੀ ਸਿੱਖ ਕੌਮ ਦੀ ਬੇਇਜ਼ਤੀ ਹੋ ਰਹੀ ਹੈ ਤੇ ਅਸੀ ਉਹੀ ਸਵਾਲ ਵਾਰ ਵਾਰ ਚੁਕਦੇ ਆ ਰਹੇ ਹਾਂ ਕਿ ਆਖ਼ਰਕਾਰ ਸਿੱਖ ਧਰਮ ਦੀ ਜੋ ਸੋਚ ਹੈ, ਉਹ ਕਿਸ ਪਾਸੇ ਜਾ ਰਹੀ ਹੈ?

ਵੇਖੋ ਇਕ ਸਿਆਸੀ ਪ੍ਰਵਾਰ ਦੀ ਲਾਲਸਾ ਕਿ ਸਿੱਖ ਸਿਆਸਤ ਦੇ ਨਾਲ ਨਾਲ ਸਿੱਖ ਧਰਮ ਉਤੇ ਵੀ ਉਸ ਦਾ ਦਬਦਬਾ ਕਾਇਮ ਰਹੇ,ਉਸ ਲਈ ਗੁਰੂ ਘਰਾਂ ਵਿਚ ਕਿਸ ਤਰ੍ਹਾਂ ਦੇ ਕਾਰਜ ਕੀਤੇ ਜਾ ਰਹੇ ਹਨ। ਜਿਸ ਤਰ੍ਹਾਂ ਦੀਆਂ ਸਾਜ਼ਸ਼ਾ ਰਚੀਆਂ ਜਾ ਰਹੀਆਂ ਨੇ, ਉਹ ਬਾਣੀ ਨਾਲ ਮੇਲ ਨਹੀਂ ਖਾਂਦੀਆਂ। ਪਰ ਫਿਰ ਵੀ ਸਿਰਫ਼ ਇਕ ਸਿਆਸੀ ਪ੍ਰਵਾਰ ਨੂੰ ਉਚਾਈਆਂ ’ਤੇ ਰੱਖਣ ਵਾਸਤੇ, ਅੱਜ ਸਿੱਖ ਧਰਮ ਦੇ ਅਹਿਮ ਫ਼ੈਸਲੇ ਉਸ ਪ੍ਰਵਾਰ ਦੇ ਆਦੇਸ਼ਾਂ ਮੁਤਾਬਕ ਹੀ ਲਏ ਜਾਂਦੇ ਹਨ। ਤੇ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਉਸੇ ਸੋਚ ਤਹਿਤ ਤੇ ਉਸੇ ਲਾਲਚ ਕਾਰਨ ਅਪਮਾਨਤ ਕੀਤਾ ਗਿਆ ਹੈ।

ਇਸ ਅਹੁਦੇ ’ਤੇ ਅੱਜ ਜੋ ਨਵੇਂ ‘ਜਥੇਦਾਰ’ ਆ ਗਏ ਨੇ, ਜੇ ਉਹ ਛੇ ਮਹੀਨੇ ਉਕਤ ਪ੍ਰਵਾਰ ਦੇ ਹੁਕਮਾਂ ਅਨੁਸਾਰ ਨਾ ਚੱਲੇ ਜਾਂ ਉਨ੍ਹਾਂ ਨੇ ਅਪਣੇ ਸਿਆਸੀ ਆਗੂਆਂ ਦੀ ਗੱਲ ਨਾ ਮੰਨੀ, ਤਾਂ ਉਨ੍ਹਾਂ ਦਾ ਵੀ ਇਹੀ ਹਾਲ ਹੋਵੇਗਾ। ਪਰ ਇਸ ਦਾ ਅਸਰ ਸਾਡੀ ਨੌਜੁਆਨੀ ’ਤੇ ਕੀ ਹੋ ਰਿਹੈ? ਸਿੱਖ ਨੌਜੁਆਨ ਅਪਣੇ ‘ਧਰਮੀ’ ਲੀਡਰਾਂ ਦੇ ਵਤੀਰੇ ਵਲ ਝਾਤ ਮਾਰਦੇ ਹਨ ਤਾਂ ਉਹ ਡਾਢੇ ਭੰਬਲਭੂਸੇ ਵਿਚ ਪੈ ਜਾਂਦੇ ਹਨ। ਸਵੇਰੇ ਹੋਰ ਤੇ ਸ਼ਾਮ ਹੋਰ ਜਥੇਦਾਰ ਐਲਾਨੇ ਜਾਣ ਮਗਰੋਂ ਉਹ ਕਿਸ ਨੂੰ ਜਥੇਦਾਰ ਮੰਨਣ? ਕੋਈ ਵੀ ਭੇਸ ਬਦਲ ਕੇ ਆ ਜਾਂਦਾ ਹੈ ਤੇ ਕਹਿ ਦਿੰਦਾ ਹੈ ਕਿ ਮੈਂ ਜਥੇਦਾਰ ਹਾਂ ਤਾਂ ਉਹ ਉਸ ਦੇ ਪਿੱਛੇ ਚਲ ਪੈਂਦੇ ਨੇ। ਇਸ ਨਾਲ ਸੱਭ ਤੋਂ ਵੱਡਾ ਨੁਕਸਾਨ ਸਾਡੀ ਨੌਜੁਆਨੀ ਦਾ ਹੋਵੇਗਾ, ਸਾਡੇ ਸਿੱਖ ਧਰਮ ਦਾ ਹੋਵੇਗਾ।