ਖਡੂਰ ਸਾਹਿਬ ਦੀ ਪੰਥਕ ਸੀਟ ਤੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ ਚੋਣ ਨਿਸ਼ਾਨ ਮਿਲ ਗਿਆ ਹੈ। ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ‘ਮਾਈਕ’ ਚੋਣ ਨਿਸ਼ਾਨ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਨੂੰ ਚੋਣ ਪ੍ਰਚਾਰ ਕਰਨ ਦੇ ਲਈ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਇਸ ਬਾਰੇ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਹੀ ਸੁਣਾਵੇਗਾ।
ਪਰ ਚੋਣ ਮੈਦਾਨ ਵਿੱਚ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਅਤੇ ਸਮਰਥਕਾਂ ਨੇ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਹਿਸ ਹਲਕੇ ਵਿੱਚ ਜ਼ਿਆਦਤਰ ਸਿੱਖ ਵੋਟਰ ਹਨ। ਇਸ ਲਈ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਇਹਨਾਂ ਵੋਟਰਾਂ ਨੂੰ ਖਿੱਚਣ ਦੀ ਤਿਆਰੀ ਵਿੱਚ ਹਨ।
ਓਧਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਚੋਣ ਲੜਨਗੇ, ਜਦਕਿ ਲੋਕ ਸਭਾ ਚੋਣਾਂ-2014 ਵਿੱਚ 253 ਅਤੇ 2019 ਵਿੱਚ ਕੁੱਲ 278 ਉਮੀਦਵਾਰਾਂ ਨੇ ਚੋਣ ਲੜੀ ਸੀ।
ਖਡੂਰ ਸਾਹਿਬ ਲੋਕ ਸਭਾ ਹਲਕਾ
ਰਿਟਰਨਿੰਗ ਅਫਸਰ ਹਲਕਾ 03-ਖਡੂਰ ਸਾਹਿਬ ਸੰਦੀਪ ਕੁਮਾਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਹੁਣ ਹਲਕਾ ਖਡੂਰ ਸਾਹਿਬ ਤੋਂ ਕੁੱਲ 27 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਖਡੂਰ ਸਾਹਿਬ ਤੋਂ ਇਹ ਲੜ ਰਹੇ ਚੋਣ
ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਤੋਂ ਕੁਲਬੀਰ ਸਿੰਘ ਜ਼ੀਰਾ, ਭਾਰਤੀ ਜਨਤਾ ਪਾਰਟੀ ਤੋਂ ਮਨਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ, ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਭੁੱਲਰ, ਬਹੁਜਨ ਸਮਾਜ ਪਾਰਟੀ ਤੋਂ ਸਤਨਾਮ ਸਿੰਘ, ਆਸ ਪੰਜਾਬ ਪਾਰਟੀ ਤੋਂ ਚੈਨ ਸਿੰਘ, ਸੀ. ਪੀ. ਆਈ ਤੋਂ ਗੁਰਦਿਆਲ ਸਿੰਘ, ਆਲ ਇੰਡੀਆ ਮਜ਼ਦੂਰ ਪਾਰਟੀ (ਰੰਗਰੇਟਾ) ਦੇ ਦਿਲਬਾਗ ਸਿੰਘ ਅਤੇ ਸਾਂਝੀ ਵਿਰਾਸਤ ਪਾਰਟੀ ਤੋਂ ਨਵੀਨ ਕੁਮਾਰ ਸ਼ਰਮਾ ਚੋਣ ਮੈਦਾਨ ਵਿੱਚ ਹਨ।
ਇਸ ਤੋਂ ਇਲਾਵਾ ਹਰਜਿੰਦਰ ਸਿੰਘ, ਅਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਕੰਵਲਜੀਤ ਸਿੰਘ, ਜਸਵੰਤ ਸਿੰਘ, ਕਵਲਜੀਤ ਸਿੰਘ, ਅਨੋਖ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰੰਘ, ਅਰੁਣ ਕੁਮਾਰ, ਪਰਮਿੰਦਰ ਸਿੰਘ, ਸਰਬਜੀਤ ਸਿੰਘ, ਲਖਬੀਰ ਸਿੰਘ, ਸੁਰਜੀਤ ਸਿੰਘ, ਸਿਮਰਨਜੀਤ ਸਿੰਘ, ਵਿਕਰਮਜੀਤ ਸਿੰਘ ਅਤੇ ਵਿਜੈ ਕੁਮਾਰ ਆਜ਼ਾਦ ਉਮੀਦਵਾਰ ਦੇ ਤੌਰ `ਤੇ ਚੋਣ ਲੜ੍ਹ ਰਹੇ ਹਨ।