ਹੇ ਮੇਰੇ ਪਾਤਿਸ਼ਾਹ! ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ?।ਰਹਾਉ।ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ) । ਹੇ ਪਾਤਿਸ਼ਾਹ! ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ।੧।
ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ।੨।
ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।੩।
ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ।੪।੭।੧੩।
ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ) ।੧।ਰਹਾਉ।
ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧।
ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ।੨।