ਹਜੂਰ ਸਾਹਿਬ ਤੋਂ ਆਈ ਵੱਡੀ ਜਾਣਕਾਰੀ

ਤਖਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਤਮਸਤਕ ਹੋਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਏਅਰਪੋਰਟ ਤੋਂ ਅਮਿਤ ਸ਼ਾਹ ਦਾ ਕਾਫਲਾ ਗੁਰਦੁਆਰਾ ਸਾਹਿਬ ਦੇ ਗੇਟ ਨੰਬਰ 2 ਤੇ ਪੁੱਜਣ ਉਪਰੰਤ ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਸ਼ਾਸਕ ਡਾ. ਪਰਵਿੰਦਰ ਸਿੰਘ ਪਸਰੀਚਾ, ਮਨਜਿੰਦਰ ਸਿੰਘ ਸਿਰਸਾ ਸੀਨੀਅਰ ਬੀਜੀਪੀ ਆਗੂ ਅਤੇ ਜਸਬੀਰ ਸਿੰਘ ਧਾਮ ਨੇ ਉਨ੍ਹਾਂ ਨੂੰ ’ਜੀ ਆਇਆ ਕਿਹਾ ਅਤੇ ਨਿੱਘਾ ਸਵਾਗਤ ਕੀਤਾ।

ਤਖ਼ਤ ਸੱਚਖੰਡ ਸਾਹਿਬ ਵਿਖੇ ਅਮਿਤ ਸ਼ਾਹ ਦਾ ਚੋਲਾ, ਸ਼ਾਲ, ਹਾਰ ਨਾਲ ਪ੍ਰੰਪਰਾਗਤ ਸਨਮਾਨ ਕੀਤਾ ਗਿਆ। ਇਸ ਸਮੇਂ ਦਵਿੰਦਰ ਫੜਨਵੀਸ ਡਿਪਟੀ ਮੁੱਖ ਮੰਤਰੀ ਮਹਾਰਾਸ਼ਟਰ, ਪ੍ਰਤਾਪ ਰਾਵ ਚਿਖਲੀਕਰ ਐਮਪੀ ਨਾਂਦੇੜ ਤੇ ਬੀਜੀਪੀ ਦੇ ਹੋਰ ਉੱਘੇ ਕੇਂਦਰੀ ਤੇ ਰਾਜ ਪੱਧਰ ਦੇ ਲੀਡਰ ਸਾਹਿਬਾਨ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਇਤਿਹਾਸਕ ਅਸਥਾਨ ਤੇ ਮੱਥਾ ਟੇਕਿਆ ਤੇ ਆਸ਼ੀਰਵਾਦ ਹਾਸਲ ਕੀਤਾ। ਇਸ ਮੌਕੇ ਗੁਰਦੁਆਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਨਾਨ ਸਿੰਘ ਬੁੰਗਈ, ਸ਼ਰਨ ਸਿੰਘ ਸੋਢੀ ਜੁਆਇੰਟ ਸੁਪਰਡੈਂਟ, ਸਹਾਇਕ ਸੁਪਰਡੈਂਟ, ਜੈਮਲ ਸਿੰਘ ਢਿੱਲੋਂ ਆਦਿ ਮੌਜੂਦ ਸਨ।

ਸ਼ਾਹ ਦੇ ਨਾਲ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਗੁਜਰਾਤ ‘ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ।ਸ਼ਾਹ ਨੇ ਰਾਹੁਲ ਗਾਂਧੀ ‘ਤੇ ਆਪਣੇ ਵਿਦੇਸ਼ੀ ਦੌਰੇ ਦੌਰਾਨ ਭਾਰਤ ਦੀ ਆਲੋਚਨਾ ਕਰਨ ਅਤੇ ਇਸ ਦੀ ਅੰਦਰੂਨੀ ਰਾਜਨੀਤੀ ‘ਤੇ ਚਰਚਾ ਕਰਨ ਦਾ ਦੋਸ਼ ਲਗਾਇਆ। ਸ਼ਾਹ ਨੇ ਸਾਬਕਾ ਕਾਂਗਰਸ ਪ੍ਰਧਾਨ ਨੂੰ ਆਪਣੇ ਪੁਰਖਿਆਂ ਤੋਂ ਸਿੱਖਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਆਪਣੇ ਹੀ ਦੇਸ਼ ਦੀ ਆਲੋਚਨਾ ਕਰਨਾ ਕਿਸੇ ਵੀ ਨੇਤਾ ਨੂੰ ਸ਼ੋਭਾ ਨਹੀਂ ਦਿੰਦਾ ਤੇ ਰਾਹੁਲ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਦੇਸ਼ ਦੀ ਜਨਤਾ ਉਨ੍ਹਾਂ ਨੂੰ ਦੇਖ ਰਹੀ ਹੈ।