ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅੰਤ ਤੱਕ ਭਿਆਨਕ ਗਰਮੀ ਨਾਲ ਹੋ ਸਕਦੀ ਹੈ 1 ਕਰੋੜ ਤੋਂ ਵੱਧ ਲੋਕਾਂ ਦੀ ਮੌਤ…..ਅਮਰੀਕਾ ਦੀ ਵਾਤਾਵਰਣ ਸੰਸਥਾ ਗਲੋਬਲ ਵਿਟਨੈੱਸ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਕ ਅਧਿਐਨ ’ਚ ਦਾਅਵਾ ਕੀਤਾ ਹੈ ਕਿ ਸਦੀ ਦੇ ਅੰਤ ਭਾਵ 2100 ਤੱਕ ਵੱਧ ਗਰਮੀ ਨਾਲ 1.15 ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ। ਇਹ ਗਰਮੀ ਫਾਸਿਲ ਫਿਊਲ ਕਾਰਨ ਗੈਸ ਦੀ ਨਿਕਾਸੀ ਨਾਲ ਪੈਦਾ ਹੋਵੇਗੀ।
ਅਧਿਐਨ ਅਨੁਸਾਰ ਜੇ 2050 ਤੱਕ ਗੈਸ ਦੀ ਨਿਕਾਸੀ ਦਾ ਲੈਵਲ ਇਹੀ ਰਿਹਾ ਤਾਂ 2100 ਤੱਕ ਗਰਮੀ ਆਪਣੇ ਖ਼ਤਰਨਾਕ ਲੈਵਲ ਤੱਕ ਪੁੱਜ ਜਾਵੇਗੀ, ਜਿਸ ਕਾਰਨ ਕਰੋੜਾਂ ਜਾਨਾਂ ਜਾਣ ਦਾ ਖ਼ਤਰਾ ਹੈ।ਖੋਜੀਆਂ ਦਾ ਕਹਿਣਾ ਹੈ ਕਿ ਫਾਸਿਲ ਫਿਊਲ ਨਾਲ ਗੈਸ ਦੀ ਨਿਕਾਸੀ ਨਾਲ ਗਰਮੀ ਦੇ ਲੈਵਲ ’ਚ 0.1 ਡਿਗਰੀ ਸੈਲਸੀਅਸ ਦਾ ਵਾਧਾ ਵੀ ਖ਼ਤਰਨਾਕ ਹੋਵੇਗਾ। ਕੋਲੰਬੀਆ ਯੂਨੀਵਰਸਿਟੀ ਦੇ ਕਾਰਬਨ ਮਾਡਲ ਤੋਂ ਪਤਾ ਲੱਗਾ ਕਿ ਹਰੇਕ ਮਿਲੀਅਨ ਟਨ ਕਾਰਬਨ ’ਚ ਵਾਧੇ ਨਾਲ ਦੁਨੀਆ ਭਰ ’ਚ 226 ਵੱਧ ਹੀਟਵੇਵ ਦੀਆਂ ਘਟਨਾਵਾਂ ਵਧਣਗੀਆਂ।
ਇਸ ਗੈਸ ਦੀ ਨਿਕਾਸੀ ਦੇ ਮਾਮਲੇ ’ਚ ਮੌਜੂਦਾ ਸਮੇਂ ਚੀਨ ਸਭ ਤੋਂ ਉਪਰ ਹੈ। ਉਹ ਕੁਲ ਗੈਸ ਦੀ ਨਿਕਾਸੀ ਦੇ 31 ਫ਼ੀਸਦੀ ਲਈ ਜ਼ਿੰਮੇਵਾਰ ਹੈ। ਇਸ ਦੇ ਬਾਅਦ ਅਮਰੀਕਾ 26 ਫ਼ੀਸਦੀ ਅਤੇ ਰੂਸ 20 ਫ਼ੀਸਦੀ ਲਈ ਜ਼ਿੰਮੇਵਾਰ ਹੈ।ਜਰਨਲ ਅਰਥ ਸਿਸਟਮ ਸਾਇੰਸ ਡਾਟਾ ’ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ 2023 ’ਚ 36.8 ਅਰਬ ਮੀਟ੍ਰਿਕ ਟਨ ਕਾਰਬਨ ਡਾਈਆਕਸਾਈਡ ਗੈਸ ਦੀ ਨਿਕਾਸੀ ਹੋਈ ਹੈ। ਇਹ 2022 ਤੋਂ 1.1 ਫ਼ੀਸਦੀ ਵੱਧ ਹੈ। ਯੂਰਪੀ ਦੇਸ਼ਾਂ ’ਚ ਸਥਾਪਿਤ ਤੇਲ ਕੰਪਨੀਆਂ ਤੋਂ ਵੀ ਭਾਰੀ ਮਾਤਰਾ ’ਚ ਕਾਰਬਨ ਗੈਸ ਦੀ ਨਿਕਾਸੀ ਹੋ ਰਹੀ ਹੈ। ਇਸ ਨਾਲ ਉਤਪਾਦਿਤ ਜੀਵਾਣੂੰ ਈਂਧਣ ਨਾਲ 2050 ਤੱਕ ਵਾਯੂਮੰਡਲ ’ਚ 51 ਅਰਬ ਟਨ ਕਾਰਬਨ ਡਾਈਆਕਸਾਈਡ ਗੈਸ ਦੀ ਨਿਕਾਸੀ ਵਧਾ ਦੇਣਗੇ।
ਸੰਯੁਕਤ ਰਾਸ਼ਟਰ ਦੀ ਜਲਵਾਯੂ ਕਮੇਟੀ (ਆਈ. ਪੀ. ਸੀ. ਸੀ.) ਨੇ ਕਿਹਾ ਕਿ ਧਰਤੀ ਦੇ ਤਾਪਮਾਨ ਨੂੰ 1.5 ਡਿਗਰੀ ਸੈਲਸੀਅਲ ’ਤੇ ਰੋਕਣਾ ਹੈ ਤਾਂ 2030 ਤੱਕ ਕਾਰਬਨ ਗੈਸ ਦੀ ਨਿਕਾਸੀ ਨੂੰ 43 ਫ਼ੀਸਦੀ ਤੱਕ ਘਟਾਉਣਾ ਹੋਵੇਗਾ। ਹਾਲਾਂਕਿ ਗੈਸ ਦੀ ਨਿਕਾਸੀ ਦਾ ਲੈਵਲ ਪਿਛਲੇ ਕੁਝ ਸਾਲਾਂ ’ਚ ਲਗਾਤਾਰ ਵਧਿਆ ਹੈ।ਖੋਜੀਆਂ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ’ਚ ਤੇਜ਼ ਅਤੇ ਖ਼ਤਰਨਾਕ ਹੀਟਵੇਵ ਨੇ ਲਗਭਗ ਹਰ ਮਹਾਦੀਪ ਨੂੰ ਪ੍ਰਭਾਵਿਤ ਕੀਤਾ ਹੈ।