ਮੌਸਮ ਨੂੰ ਲੈ ਕੇ ਜਾਰੀ ਹੋਈ ਵੱਡੀ ਚਿਤਾਵਨੀ

ਕਿਸਾਨਾਂ ਨੇ ਸੜਕਾਂ ’ਤੇ ਮੋਰਚਾ ਲਾਇਆ ਹੋਇਆ ਹੈ ਅਤੇ ਇਸ ਵਿਚਕਾਰ ਮੌਸਮ ਖਰਾਬ ਹੋਣ ਦੇ ਆਸਾਰ ਬਣ ਗਏ ਹਨ, ਜੋ ਕਿ ਕਿਤੇ ਨਾ ਕਿਤੇ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰੀ ਕਰ ਕੇ ਬਾਰਡਰ ’ਤੇ ਪਹੁੰਚੇ ਹਨ। ਮੌਸਮ ਵਿਗਿਆਨ ਕੇਂਦਰ ਦੇ ਚੰਡੀਗੜ੍ਹ ਸੈਂਟਰ ਵੱਲੋਂ ਪੰਜਾਬ, ਹਰਿਆਣਾ ਤੇ ਦਿੱਲੀ ਦੇ ਮੌਸਮ ਖਰਾਬ ਹੋਣ ਸਬੰਧੀ ਓਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਖਰਾਬ ਮੌਸਮ ਸਬੰਧੀ ਜੋ ਸੰਭਾਵਨਾ ਪ੍ਰਗਟਾਈ ਗਈ ਹੈ, ਉਸਦੇ ਮੁਤਾਬਕ ਓਰੇਂਜ ਦੇ ਇਲਾਵਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਵਿਭਾਗੀ ਸੂਚਨਾ ਮੁਤਾਬਕ ਇਕ ਤਾਜ਼ਾ ਪੱਛਮੀ ਗੜਬੜੀ ਪੱਛਮੀ ਹਿਮਾਚਲ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਦੇ ਮੁਤਾਬਕ ਹਨੇਰੀ ਅਤੇ ਤੂਫਾਨ ਨਾਲ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਵਿਭਾਗੀ ਚਿਤਾਵਨੀ ਮੁਤਾਬਕ ਪੰਜਾਬ ਵਿਚ 18 ਫਰਵਰੀ ਤੋਂ ਖਰਾਬ ਮੌਸਮ ਦੀ ਸ਼ੁਰੂਆਤ ਹੋਣ ਸਬੰਧੀ ਦੱਸਿਆ ਗਿਆ ਹੈ। ਇਸੇ ਲੜੀ ਵਿਚ 19-20 ਫਰਵਰੀ ਨੂੰ ਓਰੇਂਜ ਅਲਰਟ ਰਹੇਗਾ, ਜਦੋਂ ਕਿ 21 ਫਰਵਰੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਇਸੇ ਤਰ੍ਹਾਂ ਰਾਜਧਾਨੀ ਦਿੱਲੀ ਤੇ ਹਰਿਆਣਾ ਵਿਚ 19-20 ਫਰਵਰੀ ਨੂੰ ਓਰੇਂਜ ਅਲਰਟ ਰਹੇਗਾ, ਜਦੋਂ ਕਿ 21 ਫਰਵਰੀ ਨੂੰ ਯੈਲੋ ਅਲਰਟ ਦਾ ਐਲਾਨ ਕੀਤਾ ਗਿਆ ਹੈ। ਇਸੇ ਲੜੀ ਵਿਚ ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ, ਜਦਕਿ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਦੇ ਨੇੜੇ-ਤੇੜੇ ਚੱਲ ਰਿਹਾ ਹੈ। ਹਨੇਰੀ-ਤੂਫਾਨ ਅਤੇ ਮੋਹਲੇਧਾਰ ਮੀਂਹ ਕਾਰਨ ਤਾਪਮਾਨ ਵਿਚ ਵੱਡੇ ਪੱਧਰ ’ਤੇ ਗਿਰਾਵਟ ਦਰਜ ਹੋਵੇਗੀ।