ਪੰਜਾਬ ‘ਤੇ ਗੜ੍ਹੇ ਮਾਰੀ – ਜਾਣੋ ਕਿੱਥੇ ਅਲਰਟ

ਪੋਹ-ਮਾਘ ਦੀ ਹੱਡ ਚੀਰਵੀਂ ਠੰਡ ਅਤੇ ਸੰਘਣੀ ਧੁੰਦ ਮਗਰੋਂ ਹੁਣ ਮੌਸਮ ਨੇ ਇਕ ਵਾਰ ਫਿਰ ਮਿਜਾਜ਼ ਬਦਲਿਆ ਹੈ। ਪੰਜਾਬ ਦੇ ਜਲੰਧਰ ਜ਼ਿਲ੍ਹੇ ਸਮੇਤ ਕਈ ਇਲਾਕਿਆਂ ‘ਚ ਬਾਰਿਸ਼ ਹਲਕੀ ਬਾਰਿਸ਼ ਸ਼ੁਰੂ ਹੋਈ। ਬੀਤੀ ਰਾਤ ਤੋਂ ਹੀ ਹੋਈ ਬੱਦਲਵਾਈ ਦੌਰਾਨ ਅੱਜ ਸਵੇਰੇ ਤੜਕਸਾਰ ਹੀ ਟਾਂਡਾ ਇਲਾਕੇ ਵਿੱਚ ਹੋਈ ਹਲਕੀ ਬਾਰਿਸ਼ ਨਾਲ ਹੁਣ ਮੀਂਹ ਦਾ ਦੌਰ ਸ਼ੁਰੂ ਹੋਇਆ।

ਬੇਸ਼ਕ ਪਿਛਲੇ ਕੁਝ ਦਿਨਾਂ ਵਿੱਚ ਖਿੜ੍ਹੀ ਹੋਈ ਤਿੱਖੀ ਧੁੱਪ ਨੇ ਪਿਛਲੇ ਕਈ ਦਿਨਾਂ ਤੋਂ ਠੰਡ ਕਾਰਨ ਪ੍ਰਭਾਵਿਤ ਆਮ ਜਨ ਜੀਵਨ ਨੂੰ ਵੱਡੀ ਰਾਹਤ ਦਿੱਤੀ ਸੀ ਪਰ ਇਸ ਦੇ ਬਾਵਜੂਦ ਵੀ ਤੜਕ ਸਾਰ ਸੰਘਣੀ ਧੁੰਦ ਦਾ ਦੌਰ ਜਾਰੀ ਸੀ ਅਤੇ ਬੀਤੀ 31 ਜਨਵਰੀ ਨੂੰ ਵੀ ਸਵੇਰ ਸਮੇਂ ਪਈ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਜ਼ੀਰੋ ਵਿਜ਼ੀਬਿਲਟੀ ਦੇ ਚਲਦਿਆਂ ਵਾਹਨ ਚਾਲਕਾਂ ਨੂੰ ਵੀ ਘੱਟ ਰਫ਼ਤਾਰ ਵਿੱਚ ਹੀ ਡਰਾਈਵਿੰਗ ਕਰਨ ਲਈ ਮਜਬੂਰ ਹੋਣਾ ਪਿਆ।

ਮੌਸਮ ਵਿਭਾਗ ਵੱਲੋਂ ਕਰੀਬ 1 ਫਰਵਰੀ ਤੋਂ ਲੈ ਕੇ 8 ਫਰਵਰੀ ਤੱਕ ਪੰਜਾਬ ਵਿੱਚ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ ਜਿਸ ਕਾਰਨ ਦਰਮਿਆਨੀ ਤੋਂ ਭਾਰੀ ਬਾਰਿਸ਼ ਦਾ ਅਨੁਮਾਨ ਹੈ। ਉਧਰ ਦੂਜੇ ਪਾਸੇ ਸੇਵਾ ਮੁਕਤ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਸਤਨਾਮ ਸਿੰਘ ਮਿਆਣੀ ਦਾ ਕਹਿਣਾ ਹੈ ਕਿ ਸਰਦੀਆਂ ਦੇ ਮੌਸਮ ਵਿੱਚ ਹੋ ਰਹੀ ਇਹ ਪਹਿਲੀ ਬਾਰਿਸ਼ ਖ਼ਾਸ ਕਰਕੇ ਪੰਜਾਬ ਦੀ ਮੁੱਖ ਫ਼ਸਲ ਕਣਕ ਲਈ ਬਹੁਤ ਹੀ ਲਾਹੇਵੰਦ ਹੈ।

ਇਸ ਤੋਂ ਇਲਾਵਾ ਬਾਰਿਸ਼ ਨਾਲ ਫ਼ਸਲਾਂ ‘ਤੇ ਪਿਆ ਹੋਇਆ ਕੋਹਰਾ ਵੀ ਧੋਤਾ ਜਾਵੇਗਾ, ਜਿਸ ਕਾਰਨ ਫਸਲ ਦੀ ਪੈਦਾਵਾਰ ਅਤੇ ਝਾੜ ਵਿੱਚ ਵੀ ਫਰਕ ਪਵੇਗਾ ਪ੍ਰੰਤੂ ਜੇਕਰ ਬਾਰਿਸ਼ ਲੋੜ ਤੋਂ ਜਿਆਦਾ ਮਾਤਰਾ ਵਿੱਚ ਹੁੰਦੀ ਹੈ ਤਾਂ ਇਸ ਦਾ ਆਮ ਜਨ ਜੀਵਨ ਅਤੇ ਫਸਲ ਤੇ ਵੀ ਬੁਰਾ ਅਸਰ ਵੀ ਪਵੇਗਾ। ਤੜਕਸਾਰ ਹੀ ਹਲਕੀ ਜਿਹੀ ਬਾਰਿਸ਼ ਹੋਣ ਉਪਰੰਤ ਅਜੇ ਤੱਕ ਵੀ ਅਸਮਾਨ ਤੇ ਛਾਈ ਹੋਈ ਬੱਦਲਵਾਈ ਅਜੇ ਹੋਰ ਬਾਰਿਸ਼ ਹੋਣ ਦੇ ਸੰਕੇਤ ਦੇ ਰਹੀ ਹੈ।

ਬੇਸ਼ੱਕ ਹੁਣ ਹੱਡ ਚੀਰਵੀਂ ਠੰਡ ਤੋਂ ਲੋਕਾਂ ਨੂੰ ਰਾਹਤ ਮਿਲ ਚੁੱਕੀ ਹੈ ਪਰ ਬਾਰਿਸ਼ ਤੋਂ ਬਾਅਦ ਠੰਡ ਅਤੇ ਧੁੰਦ ਇਕ ਵਾਰ ਫਿਰ ਵਾਪਸੀ ਕਰੇਗੀ। ਇਸ ਗੱਲ ਦਾ ਮੌਸਮ ਵਿਭਾਗ ਵੱਲੋਂ ਅਨੁਮਾਨ ਲਗਾਇਆ ਜਾ ਰਿਹਾ ਹੈ। ਉਧਰ ਦੂਜੇ ਪਾਸੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਡਾ. ਕੇਵਲ ਸਿੰਘ, ਸਰਕਾਰੀ ਹਸਪਤਾਲ ਟਾਂਡਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਰਨ ਕੁਮਾਰ ਸੈਣੀ ਨੇ ਲੋਕਾਂ ਨੂੰ ਇਸ ਸਰਦੀ ਅਤੇ ਬਾਰਿਸ਼ ਦੇ ਮੌਸਮ ਦੌਰਾਨ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਕਿਉਂਕਿ ਅਜਿਹੇ ਮੌਸਮ ਵਿੱਚ ਕੀਤੀ ਗਈ ਲਾਪਰਵਾਹੀ ਲੋਕਾਂ ਦੀ ਸਿਹਤ ਲਈ ਭਾਰੀ ਪੈ ਸਕਦੀ ਹੈ।