ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ

ਪੰਜਾਬ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਤੇਜ ਹਵਾਵਾਂ ਵੀ ਚੱਲ ਰਹੀਆਂ ਹਨ। ਸੰਘਣੀ ਧੁੰਦ ਨਾਲ ਸੜਕਾਂ ਉੱਤੇ ਰਫ਼ਤਾਰ ਘੱਟ ਗਈ ਹੈ। ਕਈ ਦਿਨਾਂ ਬਾਅਦ ਬੀਤੇ ਦਿਨੀ ਬੇਸ਼ਕ ਪੰਜਾਬ ਵਿੱਚ ਧੁੱਪ ਨਿਕਲੀ ਪਰ ਬਰਫੀਲੀਆਂ ਹਵਾਵਾਂ ਕਾਰਨ ਠੰਢ ਤੋਂ ਰਾਹਤ ਨਹੀਂ ਮਿਲੀ। ਇਸ ਦੇ ਨਾਲ ਹੀ ਧੁੰਦ ਕਾਰਨ ਰੇਲ, ਹਵਾਈ ਅਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਮੌਸਮ ਵਿਭਾਗ ਵੱਲੋਂ ਦਿਨ-ਰਾਤ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਵਿਜ਼ੀਬਿਲਟੀ ਵੀ ਘੱਟ ਜਾਵੇਗੀ।

ਮੌਸਮ ਵਿਭਾਗ ਦੇ ਮੁਤਾਬਿਕ 15 ਜਨਵਰੀ ਤੱਕ ਮੌਸਮ ਇੱਕ ਜਿਹਾ ਰਹੇਗਾ। ਪੰਜਾਬ ਦੇ ਜ਼ਿਲ੍ਹੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਹੋਰ ਧੁੰਦ ਪਏਗੀ। ਸੂਬੇ ਦਾ ਤਾਪਮਾਨ ਆਮ ਨਾਲੋਂ ਹੇਠਾਂ ਰਹੇਗਾ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ। ਚੰਡੀਗੜ੍ਹ ਵਿੱਚ ਮੌਸਮ ਆਮ ਵਾਂਗ ਰਹੇਗਾ। ਸਵੇਰੇ ਇੱਥੇ ਧੁੰਦ ਛਾਈ ਰਹਿੰਦੀ ਹੈ। ਇੱਥੇ ਦੁਪਹਿਰ ਵੇਲੇ ਧੁੱਪ ਨਿਕਲਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ 12 ਅਤੇ 13 ਜਨਵਰੀ ਨੂੰ ਪੰਜਾਬ ਵਿੱਚ ਤੇਜ ਹਵਾਵਾਂ ਚੱਲਣਗੀਆਂ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਚਾਰ-ਪੰਜ ਦਿਨਾਂ ਤੱਕ ਧੁੰਦ ਦਾ ਕਹਿਰ ਜਾਰੀ ਰਹੇਗਾ। ਬੀਤੇ ਦਿਨੀ ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹੀ। ਮੌਸਮ ਵਿਭਾਗ ਮੁਤਾਬਕ 12 ਤੋਂ 16 ਜਨਵਰੀ ਤੱਕ ਬੇਹੱਦ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

ਜਾਣੋ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਮੌਸਮ ਦਾ ਹਾਲ—ਇਸ ਦੇ ਨਾਲ ਪੰਜਾਬ ਵਿੱਚ ਰਾਤ ਦੇ ਤਾਪਮਾਨ ਵਿੱਚ 0.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹਾਲਾਂਕਿ, ਇਹ ਹੁਣ ਆਮ ਦੇ ਨੇੜੇ ਹੈ। ਫਰੀਦਕੋਟ ਵਿੱਚ ਸਭ ਤੋਂ ਘੱਟ ਤਾਪਮਾਨ 3.6 ਡਿਗਰੀ ਦਰਜ ਕੀਤਾ ਗਿਆ। ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 4.2 ਡਿਗਰੀ, ਗੁਰਦਾਸਪੁਰ ਵਿੱਚ 4.5, ਐਸਬੀਐਸ ਨਗਰ ਵਿੱਚ 5.4, ਅੰਮ੍ਰਿਤਸਰ ਵਿੱਚ 5.6 ਅਤੇ ਲੁਧਿਆਣਾ ਵਿੱਚ 6.3 ਡਿਗਰੀ ਰਿਹਾ।