ਠੰਢ ਤੋਂ ਕਦੋਂ ਮਿਲੇਗੀ ਰਾਹਤ

ਉੱਤਰ ਭਾਰਤ ਚ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਤੇ ਕੋਹਰੇ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਪਿਆ ਹੈ। ਪੰਜਾਬ ਦੇ ਕਈ ਜ਼ਿਲ੍ਹੇ ਸੰਘਣੀ ਧੁੰਦ ਦੀ ਲਪੇਟ ਚ ਆਏ ਹੋਏ ਹਨ। ਪੰਜਾਬ ਦੇ ਕਈ ਜ਼ਿਲ੍ਹਿਆਂ ਚ ਸਾਰਾ ਦਿਨ ਸੰਘਣੀ ਧੁੰਦ ਛਾਈ ਰਹਿੰਦੀ ਹੈ। ਪੰਜਾਬ ਸਮੇਤ ਹਰਿਆਣਾ ਤੇ ਚੰਡੀਗੜ੍ਹ ਚ ਠੰਢ ਦਾ ਕਹਿਰ ਜਾਰੀ ਹੈ। ਇਸ ਕੜਾਕੇ ਦੀ ਠੰਢ ਤੋਂ ਕਦੋਂ ਮਿਲੇਗੀ ਰਾਹਤ ?, ਕਦੋਂ ਨਿਕਲੇਗੀ ਧੁੱਪ, ਮੌਸਮ ਵਿਭਾਗ ਨੇ ਕੀਤੀ ਭਵਿੱਖਵਾਣੀ

ਉਧਰ, ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ ਉੱਤਰ ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਨੇ ਅੱਜ ਵੀ ਸਾਰਾ ਦਿਨ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਪੰਜਾਬ ਦਾ ਮੈਦਾਨੀ ਇਲਾਕਾ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਨਾਲੋਂ ਵੀ ਠੰਢਾ ਰਿਹਾ ਹੈ।ਦਿਨ ਸਮੇਂ ਪੰਜਾਬ ਦੇ ਸਾਰੇ ਸ਼ਹਿਰ ਸ਼ਿਮਲੇ ਨਾਲੋਂ ਵੀ ਠੰਢੇ ਰਹੇ, ਜਿੱਥੇ ਤਾਪਮਾਨ ਆਮ ਨਾਲੋਂ 11.2 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਗਿਆ ਹੈ।

ਸ਼ਿਮਲੇ ’ਚ ਦਿਨ ਦਾ ਤਾਪਮਾਨ 12 ਡਿਗਰੀ ਸੈਲਸੀਅਸ ਰਿਹਾ। ਪੰਜਾਬ ਦਾ ਗੁਰਦਾਸਪੁਰ ਤੇ ਹਰਿਆਣਾ ਦਾ ਮਹਿੰਦਰਗੜ੍ਹ ਸ਼ਹਿਰ ਸਭ ਤੋਂ ਠੰਢੇ ਰਹੇ ਜਿੱਥੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।ਉਧਰ, ਕੌਮੀ ਰਾਜਧਾਨੀ ਦਿੱਲੀ ਤੇ ਉੱਤਰ ਪ੍ਰਦੇਸ਼ ਸਣੇ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਧੁੰਦ ਦੀ ਚਾਦਰ ਛਾਈ ਰਹੀ। ਸੰਘਣੀ ਧੁੰਦ ਕਰਕੇ ਜਿੱਥੇ ਆਮ ਜ਼ਿੰਦਗੀ ਲੀਹੋਂ ਲੱਥ ਗਈ, ਉਥੇ ਦਿਸਣ ਹੱਦ ’ਤੇ ਵੀ ਅਸਰ ਪਿਆ।

ਯੂਪੀ ਵਿੱਚ ਕਈ ਥਾਵਾਂ ’ਤੇ ਦਿਸਣ ਹੱਦ 50 ਮੀਟਰ ਤੋਂ ਘੱਟ ਰਹਿ ਗਈ। ਮੌਸਮ ਵਿਭਾਗ ਮੁਤਾਬਕ ਰਾਜਸਥਾਨ ਦੇ ਕੁਝ ਹਿੱਸਿਆਂ, ਬਿਹਾਰ, ਹਰਿਆਣਾ-ਚੰਡੀਗੜ੍ਹ, ਮੱਧ ਪ੍ਰਦੇਸ਼ ਤੇ ਉੜੀਸਾ ਵਿਚ ਵੀ ਸੰਘਣੀ ਧੁੰਦ ਕਰਕੇ ਦਿਸਣ ਹੱਦ 50 ਤੋਂ 200 ਮੀਟਰ ਦੇ ਵਿਚਾਲੇ ਰਹੀ। ਦਿੱਲੀ ਵਿਚ ਇਕ ਦਿਨ ਪਹਿਲਾਂ ਤਾਪਮਾਨ 17.5 ਡਿਗਰੀ ਦਰਜ ਕੀਤਾ ਗਿਆ ਸੀ। ਕੌਮੀ ਰਾਜਧਾਨੀ ਵਿਚ ਸਫ਼ਦਰਜੰਗ ਵਿਚ ਹੇਠਲਾ ਤਾਪਮਾਨ 7.9 ਡਿਗਰੀ ਤੇ ਲੋਧੀ ਰੋਡ ਉੱਤੇ 6.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਵਿਚ ਸੰਘਣੀ ਧੁੰਦ ਤੇ ਸੀਤ ਲਹਿਰ ਚੱਲਣ ਦੀ ਚਿਤਾਵਨੀ ਦਿੱਤੀ ਹੈ।