ਅਜੇ ਨਹੀਂ ਮਿਲੇਗੀ ਠੰਢ ਤੋਂ ਰਾਹਤ

ਉਤਰ ਭਾਰਤ ਵਿੱਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਅੰਦਰ ਮੌਸਮ ਹੋਰ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ। ਚੰਡੀਗੜ੍ਹ ਸਮੇਤ ਪੰਜਾਬ ਵਿੱਚ ਠੰਡ ਲਗਾਤਾਰ ਵੱਧਦੀ ਜਾ ਰਹੀ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਠੰਡ ਦੇ ਮੱਦੇਨਜ਼ਰ ਅਲਰਟ ਵੀ ਜਾਰੀ ਕੀਤਾ ਹੋਇਆ ਹੈ। ਪੰਜਾਬ ਵਿੱਚ ਸ਼ੀਤ ਲਹਿਰ ਦਾ ਅਸਰ ਸਾਫ ਵਿਖਾਈ ਦੇ ਰਿਹਾ ਹੈ ਅਤੇ ਲੋਕਾਂ ਨੂੰ ਠੰਡ ਵਿੱਚ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਪਰ ਅਜੇ ਆਗਾਮੀ ਦਿਨਾਂ ਦੌਰਾਨ ਇਸ ਕੜਾਕੇ ਦੀ ਠੰਡ ਤੋਂ ਨਿਜ਼ਾਤ ਮਿਲਦੀ ਵਿਖਾਈ ਨਹੀਂ ਦੇ ਰਹੀ ਹੈ।


ਪੰਜਾਬ ਵਿੱਚ ਠੰਡ ਪਿਛਲੇ ਸਾਲਾਂ ਦੇ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਵੱਲੋਂ 6 ਦਿਨਾਂ ਤੱਕ ਪੰਜਾਬ ਵਿੱਚ ਸੰਘਣੀ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਹੋਇਆ ਹੈ। ਇਸਤੋਂ ਇਲਾਵਾ 53 ਸਾਲਾਂ ‘ਚ ਪਹਿਲੀ ਵਾਰ ਘੱਟੋ-ਘੱਟ ਤਾਪਮਾਨ ‘ਚ ਸਭ ਤੋਂ ਵੱਧ ਗਿਰਾਵਟ ਦੇਖਣ ਨੂੰ ਮਿਲੀ ਹੈ।

ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਡਾ. ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਠੰਡ ਇਸ ਵਾਰ ਕਈ ਸਾਲਾਂ ਦੇ ਰਿਕਾਰਡ ਤੋੜ ਰਹੀ ਹੈ ਅਤੇ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਦਿਨ ਦੇ ਘੱਟੋ-ਘੱਟ ਤਾਪਮਾਨ ਨੇ ਪਿਛਲੇ 53 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।

1 ਜਨਵਰੀ ਨੂੰ 1970 ਦਾ ਟੁੱਟਿਆ ਰਿਕਾਰਡ—–ਪੀਏਯੂ ਦੇ ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਕਿ 1 ਜਨਵਰੀ ਨੂੰ ਦਿਨ ਦਾ ਤਾਪਮਾਨ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦੋਂ ਕਿ ਇਸ ਦਿਨ ਦਾ ਆਮ ਤਾਪਮਾਨ 17.7 ਡਿਗਰੀ ਸੈਲਸੀਅਸ ਹੈ, ਜੋ ਕਿ 1970 ਤੋਂ ਬਾਅਦ ਸਭ ਤੋਂ ਘੱਟ ਤਾਪਮਾਨ ਸੀ। ਹਾਲਾਂਕਿ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਹੈ। ਇਸਤੋਂ ਇਲਾਵਾ 2 ਜਨਵਰੀ ਦਾ ਘੱਟੋ-ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਇਸ ਰਾਤ ਆਮ ਤਾਪਮਾਨ 5.5 ਡਿਗਰੀ ਸੈਲਸੀਅਸ ਰਿਹਾ। ਹਾਲਾਂਕਿ ਉਨ੍ਹਾਂ ਠੰਡ ਦੇ ਇਸ ਸੀਜ਼ਨ ਨੂੰ ਕਣਕ ਦੀ ਫ਼ਸਲ ਲਈ ਲਾਹੇਵੰਦ ਦੱਸਿਆ ਹੈ। ਨਾਲ ਕੜਾਕੇ ਦੀ ਇਸ ਠੰਡ ਵਿੱਚ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।