ਜਥੇਦਾਰ ਸਾਹਿਬ ਬਾਰੇ ਆਈ ਵੱਡੀ ਖਬਰ

ਗੁਰਦੇਵ ਸਿੰਘ ਕਾਉਂਕੇ ਨੂੰ 26 ਜਨਵਰੀ 1986 ਵਾਲੇ ਦਿਨ ਅੰਮ੍ਰਿਤਸਰ ਵਿਖੇ ਬੁਲਾਏ ਗਏ ਸਰਬੱਤ ਖਾਲਸਾ ਦੌਰਾਨ ਅਕਾਲ ਤਖ਼ਤ ਦਾ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਸੀ।ਅਸਲ ਵਿੱਚ ਇਸ ਦਿਨ ਦਮਦਮੀ ਟਕਸਾਲ ਦੇ ਮੁਖੀ ਰਹੇ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਭਤੀਜੇ ਜਸਵੀਰ ਸਿੰਘ ਰੋਡੇ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ ਗਿਆ ਸੀ। ਪਰ ਇਸ ਵੇਲੇ ਜਸਵੀਰ ਸਿੰਘ ਰੋਡੇ ਦੇ ਜੇਲ੍ਹ ਵਿੱਚ ਹੋਣ ਕਾਰਨ ਕਾਰਜਕਾਰੀ ਜਥੇਦਾਰ ਥਾਪਿਆ ਜਾਣਾ ਜ਼ਰੂਰੀ ਸੀ।

ਉਸ ਸਮੇਂ ਪੰਜਾਬ ਵਿੱਚ ਖਾਲਿਸਤਾਨਪੱਖੀ ਲਹਿਰ ਜ਼ੋਰਾਂ ਉੱਤੇ ਸੀ, ਜਿਸ ਕਾਰਨ ਪੁਲਿਸ ਦਾ ਇਲਜ਼ਾਮ ਸੀ ਕਿ ਜਥੇਦਾਰ ਕਾਉਂਕੇ ਇਸ ਹਥਿਕਾਰਬੰਦ ਲਹਿਰ ਵਿੱਚ ਸ਼ਾਮਲ ਸਨ। ਉਨ੍ਹਾਂ ਨੂੰ ਇੱਕ ਕਤਲ ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਤਤਕਾਲੀ ਅਕਾਲੀ-ਭਾਜਪਾ ਸਰਕਾਰ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਮਾਮਲੇ ਦੀ ਜਾਂਚ ਲਈ ਇੱਕ ਕਮਿਸ਼ਨ ਕਾਇਮ ਕੀਤਾ ਸੀ।

ਬੀਪੀ ਤਿਵਾੜੀ ਵੱਲੋਂ ਕੀਤੀ ਗਈ ਜਾਂਚ ਰਿਪੋਰਟ ਭਾਵੇਂ ਸਾਲ 1998 ਵਿਚ ਹੀ ਤਤਕਾਲੀ ਸਰਕਾਰ ਨੂੰ ਸੌਂਪ ਦਿੱਤੀ ਗਈ ਸੀ ਪਰ ਇਸ ਨੂੰ ਜੱਗ-ਜ਼ਾਹਰ ਨਹੀਂ ਕੀਤਾ ਗਿਆ ਸੀ।

ਬੀਪੀ ਤਿਵਾੜੀ ਕਮਿਸ਼ਨ ਵੱਲੋਂ ਕੀਤੀ ਗਈ ਜਾਂਚ ਵਿੱਚ ਪੁਲਿਸ ਦੇ ਕੁਝ ਅਧਿਕਾਰੀਆਂ ਵੱਲ ਉਂਗਲ ਉਠਾਈ ਗਈ ਸੀ।ਬਾਅਦ ਵਿੱਚ ਇਸ ਜਾਂਚ ਕਮਿਸ਼ਨ ਦੀ ਰਿਪੋਰਟ ਨੂੰ ਲਾਂਭੇ ਰੱਖਦੇ ਹੋਏ ਸਰਕਾਰ ਵੱਲੋਂ ਇੱਕ ਵੱਖਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਵੀ ਗਠਨ ਕੀਤਾ ਗਿਆ ਸੀ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ।

ਐਨਾ ਕੁਝ ਹੋਣ ਦੇ ਬਾਵਜੂਦ ਇਹੀ ਦਰਸਾਇਆ ਗਿਆ ਹੈ ਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਜਦੋਂ ਪੁਲਿਸ ਹਥਿਆਰਾਂ ਦੀ ਬਰਾਮਦਗੀ ਲਈ ਹੱਥਕੜੀਆਂ ਸਮੇਤ ਲੈ ਕੇ ਗਈ ਤਾਂ ਉਹ ‘ਭਗੌੜਾ ਹੋ ਗਏ ਸਨ। ਪਰਿਵਾਰਕ ਮੈਂਬਰ ਇਹ ਸਵਾਲ ਚੁੱਕਦੇ ਹਨ ਕਿ ਆਖਰਕਾਰ ਇੰਨੇ ਸਾਲ ਬੀਤਣ ਦੇ ਬਾਵਜੂਦ ਪੁਲਿਸ ਉਨ੍ਹਾਂ ਦੀ ਭਾਲ ਕਿਉਂ ਨਹੀਂ ਕਰ ਸਕੀ ਹੈ।