ਅੜੀਸਰ ਗੁਰੂਘਰ ਸਾਹਿਬ ਦਾ ਇਤਿਹਾਸ ਜਾਣੋ

ਬਰਨਾਲਾ ਦੇ ਕਸਬਾ ਹੰਡਿਆਇਆ ਨੇੜੇ ਇਤਿਹਾਸਕ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਵਿਸ਼ਵ ਭਰ ਤੋਂ ਸੰਗਤਾਂ ਪਹੁੰਚ ਰਹੀਆਂ ਹਨ। ਇਸ ਗੁਰੂ ਘਰ ਵਿੱਚ ਹਰ ਐਤਵਾਰ ਮੇਲਾ ਲੱਗਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਗੁਰੂ ਘਰ ਤੋਂ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਗੁਰੂਘਰ ਦੇ ਇਤਿਹਾਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੋੜਿਆ ਜਾਂਦਾ ਹੈ। ਗੁਰੂ ਘਰ ਦੇ ਇਤਿਹਾਸ ਨਾਲ ਕਈ ਅਜਿਹੀਆਂ ਮਿੱਥ ਕਹਾਣੀਆਂ ਜੁੜੀਆਂ ਹੋਇਆਂ ਹਨ ਜਿਹੜੀਆਂ ਸਿੱਖ ਫਿਲਾਸਫੀ ਨਾਲ ਮੇਲ ਨਹੀਂ ਖਾਂਦੀਆਂ। ਇਸ ਗੁਰੂਘਰ ਨੂੰ ਬਣਾਉਣ ਪਿੱਛੇ ਭਾਈ ਸੰਤੋਖ ਸਿੰਘ ਜੀ ਵੱਲੋਂ ਰਚਿਤ ‘ਗੁਰ ਪ੍ਰਤਾਪ ਸੂਰਜ ਗਰੰਥ’ ਵਿੱਚ ਲਿਖੀ ਵਾਰਤਾ ਹੈ।

ਇਸ ਗਰੰਥ ਦੀ ਗਿਆਰਵੀ ਰਸ ਦੇ 35 ਅੰਸੂ ਅਨੁਸਾਰ ਗੁਰੂ ਜੀ ਜਦੋਂ ਹੰਡਿਆਇਆ ਨਗਰ ਤੋਂ ਤੁਰੇ ਤਾਂ 2 ਮੀਲ ਦੂਰ ਜਾ ਕੇ ਘੋੜਾ ਅੜੀ ਪੈ ਗਿਆ। ਜਦੋਂ ਘੋੜਾ ਅੱਗੇ ਨਾ ਵਧਿਆ ਤਾਂ ਗੁਰੂ ਜੀ ਨੇ ਆਖਿਆ ਕਿ ਇਧਰ ਮੰਦੀਮੱਤ ਵਾਲੇ ਤੁਰਕ ਲੋਕ ਵਸਦੇ ਹਨ। ਪ੍ਰਭੂ ਦਾ ਨਾਮ ਨਹੀਂ ਲੈਂਦੇ। ਬਾਅਦ ਵਿੱਚ ਗੁਰੂ ਜੀ ਦੇ ਘੋੜੇ ਵੱਲੋਂ ਤੰਬਾਕੂ ਦੇ ਖੇਤ ਵਿੱਚ ਨਾ ਵੜਨ ਦੀ ਕਹਾਣੀ ਵੀ ਜੋੜ ਦਿੱਤੀ ਗਈ। 1920 ਤੋਂ ਪਹਿਲਾਂ ਇਥੇ ਇੱਕ ਛੱਪੜ ਅਤੇ ਝਿੜੀ ਸੀ ਜਿਸ ਨੂੰ ‘ਗਿੱਦੜੀ ਵਾਲਾ ਬੰਨਾ’ ਆਖਿਆ ਜਾਂਦਾ ਸੀ। ਪਿੰਡ ਧੌਲਾ ਅਤੇ ਹੰਡਿਆਇਆ ਦੇ ਡਾਂਗਰੀ ਇਥੇ ਡੰਗਰ ਚਾਰਨ ਆਉਂਦੇ ਸਨ। ਕੂਕਾ ਭਗਤ ਸਿੰਘ ਪਿੰਡ ਹੰਡਿਆਇਆ ਦੇ ਕੱਚੇ ਗੁਰੂਸਰ ਵਿਖੇ ਸੇਵਾਦਾਰ ਸਨ ਉਹਨਾਂ ਨੂੰ ਇੱਕ ਦਿਨ ਅਕਾਸ਼ਬਾਣੀ ਹੋਈ ਕਿ ਤੂੰ ‘ਅੜੀਸਰ ਥਾਂ’ ਦੀ ਖੋਜ ਕਰ।

ਹੁਣ ਇਹ ਗੁਰੂਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ ਪਰ ਮਹੰਤ ਪ੍ਰੰਪਰਾ ਅਨੁਸਾਰ ਸੇਵਾ ਰਾਮ ਸਿੰਘ ਨੂੰ ਦਿੱਤੀ ਹੋਈ ਸੀ। ਰਾਮ ਸਿੰਘ ਨੂੰ ਜੂਨ 2020 ਵਿੱਚ ਗੈਰਇਖਲਾਕੀ ਦੋਸ਼ ਅਧੀਨ ਸੇਵਾ ਤੋਂ ਹਟਾ ਦਿੱਤਾ ਗਿਆ। 1997 ਵਿੱਚ ਇਸ ਗੁਰੂਘਰ ਦੀ ਪੁਨਰ ਉਸਾਰੀ ਦਾ ਕੰਮ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਨੇ ਸ਼ੁਰੂ ਕੀਤਾ। ਅੱਜ ਕੱਲ੍ਹ ਇੱਥੇ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਤੇ ਕਾਰਸੇਵਾ ਵਾਲੇ ਬਾਬਾ ਬਾਬੂ ਸਿੰਘ ਪ੍ਰਬੰਧਕ ਹਨ।