5 ਸਿੰਘ ਸਾਹਿਬਾਨ ਨੇ ਜਾਰੀ ਕੀਤਾ ਇਹ ਗੁਰਮਤਾ

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ ਨਾਂਦੇੜ ਦੇ ਪੰਜ ਪਿਆਰੇ ਸਾਹਿਬਾਨ ਨੇ ਆਨੰਦ ਕਾਰਜਾਂ ਲਈ ਸਿੱਖ ਸੰਗਤ ਲਈ ਗੁਰਮਤਾ ਜਾਰੀ ਕੀਤਾ ਹੈ। ਜਥੇਦਾਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਆਨੰਦ ਕਾਰਜ ਦੌਰਾਨ ਬੱਚੀ ਭਾਰੀ ਲਹਿੰਗਾ ਨਾ ਪਹਿਨਾ ਕੇ ਸਗੋਂ ਸਿਰਫ ਸਲਵਾਰ ਕਮੀਜ਼ ਦਾ ਸਾਦਾ ਪਹਿਰਾਵਾ ਪਹਿਨਾਇਆ ਜਾਵੇ ਅਤੇ ਲਾਵਾਂ ਫੇਰੇ ਲੈਣ ਲਈ ਲਿਆਂਦੇ ਸਮੇਂ ਗੁਰੂ ਸਾਹਿਬ ਜੀ ਦੀ ਹਾਜ਼ਰੀ ’ਚ ਬੱਚੀ ਦੇ ਉਪਰ ਚੁੰਨੀ ਜਾਂ ਫੁਲਕਾਰੀ ਤਾਣ ਕੇ ਨਾ ਲਿਆਂਦੀ ਜਾਵੇ।

ਉਨ੍ਹਾਂ ਕਿਹਾ ਕਿ ਭਾਰੀ ਲਹਿੰਗਾ ਪਾਉਣ ਕਾਰਣ ਆਨੰਦ ਕਾਰਜ ਦੌਰਾਨ ਗੁਰੂ ਸਾਹਿਬ ਅੱਗੇ ਮੱਥਾ ਟੇਕਣ ਸਮੇਂ ਲੜਕੀ ਨੂੰ ਕਾਫੀ ਪਰੇਸ਼ਾਨੀ ਆਉਂਦੀ ਹੈ।ਜਥੇਦਾਰ ਨੇ ਕਿਹਾ ਕਿ ਇਹ ਵੀ ਦੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਵਿਆਹ ਦੇ ਕਾਰਡਾਂ ’ਚ ਲਾੜਾ-ਲਾੜੀ ਦੇ ਨਾਂ ਨਾਲ ਸਿੰਘ ਜਾਂ ਕੌਰ ਨਹੀਂ ਲਿਖਿਆ ਹੁੰਦਾ। ਸਿੱਖ ਸਹੁ-ਰੀਤਾਂ ਅਨੁਸਾਰ ਇਹ ਲਾਜ਼ਮੀ ਕਰ ਦਿੱਤਾ ਗਿਆ ਕਿ ਵਿਆਹ ਵਾਲੇ ਕਾਰਡ ’ਚ ਲਾੜਾ-ਲਾੜੀ ਦੇ ਨਾਂ ਨਾਲ ‘ਸਿੰਘ’ ਤੇ ‘ਕੌਰ’ ਜ਼ਰੂਰ ਲਿਖਿਆ ਜਾਵੇ। ਉਨ੍ਹਾਂ ਕਿਹਾ ਕਿ ਵਿਆਹ ਦੌਰਾਨ ਬੇਲੋੜੇ ਖਰਚੇ ਤੇ ਬੇਲੋੜੇ ਪ੍ਰਦਰਸ਼ਨ ਨੂੰ ਰੋਕਣ ਲਈ ਇਹ ਸਖ਼ਤ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਿੱਖ ਇਹ ਗੁਰਮਤਾ ਨਹੀਂ ਮੰਨਦਾ ਤਾਂ ਉਸ ’ਤੇ ਪੰਥਕ ਰਿਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਫੁੱਲਾਂ ਦੀ ਵਰਖਾ ਨਾ ਕਰੋ—–ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦੇਖਿਆ ਗਿਆ ਹੈ ਕਿ ਜਦੋਂ ਲੜਕੀ ਨੂੰ ਘੁੰਮਣ ਲਈ ਲਿਆਂਦਾ ਜਾਂਦਾ ਹੈ ਤਾਂ ਪਰਿਵਾਰਕ ਮੈਂਬਰ ਲੜਕੀ ਦੇ ਸਿਰ ‘ਤੇ ਫੁੱਲਾਂ ਦੀ ਚਾਦਰ ਲੈ ਕੇ ਆਉਂਦੇ ਹਨ। ਇਹ ਸਹੀ ਨਹੀਂ ਹੈ। ਵਹੁਟੀ ‘ਤੇ ਫੁੱਲਾਂ ਦੀ ਵਰਖਾ ਨਹੀਂ ਕਰਨੀ ਚਾਹੀਦੀ। ਵਿਆਹ ਦੇ ਕਾਰਡ ‘ਤੇ ਲਾੜਾ-ਲਾੜੀ ਦਾ ਪੂਰਾ ਨਾਂ ਸਿੰਘ ਅਤੇ ਕੌਰ ਨਾਲ ਛਾਪਿਆ ਜਾਣਾ ਚਾਹੀਦਾ ਹੈ।

ਸਿੰਘ ਸਾਹਿਬਾਨ ਨੇ ਸਿੱਖ ਕੌਮ ਨੂੰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ਨਿਚਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਤਖ਼ਤ ਹਜ਼ੂਰ ਸਾਹਿਬ ਵਿਖੇ ਸਿੱਖ ਭਾਈਚਾਰੇ ਦੇ ਵਿਆਹਾਂ ਸਬੰਧੀ ਲਏ ਗਏ ਫੈਸਲਿਆਂ ਦਾ ਸਵਾਗਤ ਕੀਤਾ ਹੈ।