ਵਿਦਿਆਰਥੀਆਂ ਲਈ CM ਦਾ ਵੱਡਾ ਐਲਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁੱਧਵਾਰ ਨੂੰ ਅਚਾਨਕ ਰੋਪੜ ਦੇ ਸਰਕਾਰੀ ਸਕੂਲਾਂ ਵਿਚ ਪਹੁੰਚ ਗਏ। ਪਹਿਲਾਂ ਉਨ੍ਹਾਂ ਨੇ ਸੁੱਖੋ ਮਾਜਰਾ ਸਥਿਤ ਸਰਕਾਰੀ ਸਕੂਲ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਰੋਪੜ ਵਿਚ ਮੋਰਿੰਡਾ ਦੇ ਅਧੀਨ ਆਉਂਦੇ ਸਰਕਾਰੀ ਸਕੂਲ ਲੁਥੇਰ ਪਹੁੰਚ ਗਏ। ਇਸ ਦੌਰਾਨ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਸਟਾਫ ਨਾਲ ਮੁਲਾਕਾਤ ਕੀਤੀ ਅਤੇ ਹਾਜ਼ਰੀ ਨੂੰ ਦੇਖਿਆ। ਉਨ੍ਹਾਂ ਨੇ ਕਿਹਾ ਕਿ ਘਬਰਾਓ ਨਾ ਉਹ ਰੇਡ ਕਰਨ ਜਾਂ ਡਰਾਉਣ ਲਈ ਨਹੀਂ ਸਗੋਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਨੂੰ ਦੂਰ ਕਰਨ ਲਈ ਆਏ ਹਨ।

ਸਟਾਫ ਦੀ ਗਿਣਤੀ ਪੁੱਛਣ ਤੋਂ ਬਾਅਦ ਉਨ੍ਹਾਂ ਨੇ ਧੁੰਦ ਤੇ ਠੰਡ ਵਿਚ ਆਉਣ ਕਾਰਣ ਦਿੱਕਤਾਂ ਬਾਰੇ ਪੁੱਛਿਆ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਇੱਥੇ ਬੱਚੇ ਦੂਰ ਦੁਰਾਡਿਓਂ ਆਉਂਦੇ ਹਨ। ਇਸ ਲਈ ਕਈ ਬੱਚੇ ਸਕੂਲ ਛੱਡਣਾ ਚਾਹੁੰਦੇ ਹਨ। ਬੀਤੇ ਸਮੇਂ ਵਿਚ ਵੀ 12ਵੀਂ ਦਾ ਰੋਲ ਨੰਬਰ ਆਪਣੇ ਪਿਤਾ ਨਾਲ ਲੈਣ ਆ ਰਹੇ ਇਕ ਵਿਦਿਆਰਥੀ ਦੀ ਮੌਤ ਹੋ ਗਈ ਸੀ। ਇਸ ’ਤੇ ਮੁੱਖ ਮੰਤਰੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਐਮੀਨੈਂਸ ਤੋਂ ਇਲਾਵਾ ਵੀ ਸਾਰੇ ਸਰਕਾਰੀ ਸਕੂਲਾਂ ਨੂੰ ਜਲਦ ਬੱਸਾਂ ਦਿੱਤੀਆਂ ਜਾ ਰਹੀਆਂ ਹਨ।ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਕੂਲਾਂ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਸਕਿੱਲਡ ਐਜੂਕੇਸ਼ਨ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਉਹੀ ਪੜ੍ਹਾਇਆ ਜਾ ਰਿਹਾ ਹੈ ਜੋ ਉਹ ਪੜ੍ਹਨਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਨੂੰ ਪਿੰਡ ਤੋਂ ਆਉਣ ਵਾਲੇ ਵਿਦਿਆਰਥੀਆਂ ਅਨੁਸਾਰ ਪ੍ਰਪੋਜ਼ਲ ਭੇਜਣ ਨੂੰ ਕਿਹਾ ਗਿਆ ਹੈ।