ਪੰਜਾਬ ’ਚ ਇਕ ਵਾਰ ਫਿਰ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ। ਦਰਅਸਲ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਸੂਬੇ ’ਚ ਸੋਮਵਾਰ ਨੂੰ ਜ਼ਿਆਦਾਤਰ ਬੱਦਲ ਛਾਏ ਰਹੇ ਜਦਕਿ ਕਈ ਥਾਈਂ ਬੂੰਦਾਬਾਂਦੀ ਅਤੇ ਹਲਕੀ ਤੋਂ ਮੱਧਮ ਬਾਰਿਸ਼ ਦੀ ਸੰਭਾਵਨਾ ਵੀ ਹੈ। ਇਸ ਨਾਲ ਸੂਬੇ ’ਚ ਠੰਢ ਜ਼ੋਰ ਫੜ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਸਵੇਰ ਤੱਕ ਪੱਛਮੀ ਗੜਬੜੀ ਦਾ ਅਸਰ ਰਹੇਗਾ। ਇਸ ਤੋਂ ਬਾਅਦ ਮੌਸਮ ’ਚ ਆਏ ਬਦਲਾਅ ਕਾਰਨ ਘੱਟੋ-ਘੱਟ ਤਾਪਮਾਨ ’ਚ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਦੀ ਸੰਭਾਵਨਾ ਹੈ।
ਇਸ ਬਦਲਾਅ ਕਾਰਣ ਸੂਬੇ ਵਿਚ ਕਈ ਥਾਈਂ ਸੰਘਣੀ ਧੁੰਦ ਵੀ ਪੈ ਸਕਦੀ ਹੈ, ਜਿਸ ਦੇ ਚੱਲਦੇ ਵਾਹਨ ਚਾਲਕਾਂ ਨੂੰ ਵਧੇਰੇ ਚੌਕਸੀ ਵਰਤਣੀ ਪਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਐਤਵਾਰ ਨੂੰ ਕਈ ਜ਼ਿਲ੍ਹਿਆਂ ’ਚ ਪੱਛਮੀ ਗੜਬੜੀ ਕਾਰਨ ਦਿਨ ਭਰ ਬੱਦਲ ਛਾਏ ਰਹੇ। ਭਾਵੇਂ ਕਈ ਥਾਈਂ ਹਲਕੀ-ਹਲਕੀ ਧੁੱਪ ਵੀ ਨਿਕਲਦੀ ਰਹੀ ਪਰ ਫਿਰ ਬੱਦਲਾਂ ਕਾਰਣ ਲੋਕਾਂ ਨੂੰ ਠੰਡਕ ਮਹਿਸੂਸ ਹੁੰਦੀ ਰਹੀ। ਇਸ ਕਾਰਨ ਕਈ ਕਈ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਗੁਰਦਾਸਪੁਰ ’ਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਰਿਹਾ ਜਦਕਿ ਮੁਹਾਲੀ ’ਚ 10.6, ਚੰਡੀਗੜ੍ਹ ’ਚ 12.6, ਲੁਧਿਆਣਾ ’ਚ 11.9, ਪਟਿਆਲਾ ’ਚ 12.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਉੱਤਰ ਭਾਰਤ ‘ਚ ਮੌਸਮ ਬਦਲ ਰਿਹਾ ਹੈ ,ਠੰਡ ਨੇ ਦਸਤਕ ਦੇ ਦਿੱਤੀ ਹੈ ਅਤੇ ਧੁੰਧ ਪੈਣੀ ਵੀ ਸ਼ੁਰੂ ਹੋ ਗਈ ਹੈ। ਧੁੰਦ ਕਾਰਨ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ‘ਚ ਠੰਢ ਵਧਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਵੱਲੋਂ ਪੱਛਮੀ ਗੜਬੜੀ ਵਾਲੀਆਂ ਪੌਣਾਂ ਕਾਰਨ ਵੀ ਪੱਛਮੀ ਹਿਮਾਲਿਆ ਦੀਆਂ ਪਹਾੜੀਆਂ ਤੇ ਉੱਪਰਲੇ ਇਲਾਕਿਆਂ ਵਿਚ ਹਲਕੀ ਬਾਰਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਗਈ ਹੈ।
ਉਧਰ ਦੂਜੇ ਪਾਸੇ ਦੱਖਣੀ ਭਾਰਤ ‘ਚ ਲਗਾਤਾਰ ਮੀਹ ਪੈ ਰਿਹਾ ਹੈ। ਤਾਮਿਲਨਾਡੂ ਦੇ ਤਿੰਨ ਜ਼ਿਲ੍ਹਿਆ ‘ਚ ਭਾਰੀ ਮੀਂਹ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕਰਾਈਕਲ ਜ਼ਿਲ੍ਹਾ ਕੁਲੈਕਟਰ ਏ ਕੁਲੋਥੁੰਗਨ ਨੇ ਬਾਰਸ਼ ਕਾਰਨ ਸਾਰੇ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਤੇਨਕਾਸੀ, ਕੰਨਿਕੁਮਾਰੀ ਅਤੇ ਤਿਰੂਨੇਲਵੇਲੀ ‘ਚ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਵੀਰਵਾਰ ਨੂੰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕਰਦਿਆਂ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ‘ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਉਮੀਦ ਜਤਾਈ ਗਈ ਹੈ। ਅਜਿਹੇ ‘ਚ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਜੇ ਜ਼ਰੂਰੀ ਨਾ ਹੋਵੇ ਤਾਂ ਲੋਕ ਘਰ ਦੇ ਅੰਦਰ ਹੀ ਰਹਿਣ । ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਵਿਚ ਤਾਮਿਲਨਾਡੂ ਦੇ ਦਸ ਤੋਂ ਜ਼ਿਆਦਾ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਦੀ ਵੀ ਚਿਤਾਵਨੀ ਜਾਰੀ ਕੀਤੀ ਹੈ।