ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਰ ਸਿੰਘ ਸਾਹਿਬ ਨਵਾਬ ਕਪੂਰ ਸਿੰਘ, ਛਾਉਣੀ ਨਿਹੰਗ ਸਿੰਘ ਬੁੱਢਾ ਦਲ ਸੁਲਤਾਨਪੁਰ ਲੋਧੀ ‘ਤੇ ਕਬਜ਼ੇ ਨੂੰ ਲੈ ਕੇ ਬੁੱਢਾ ਦਲ ਦੇ 2 ਧੜਿਆਂ ‘ਚ ਚੱਲ ਰਿਹਾ ਵਿਵਾਦ ਇੰਨ੍ਹਾ ਵੱਧ ਗਿਆ ਕਿ ਪੁਲਿਸ ਨੂੰ ਆਉਣਾ ਪਿਆ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਤੇ ਨਿਹੰਗਾਂ ਵਿਚਾਲੇ ਮੁੱਠਭੇੜ ਹੋਈ। ਜਿਸ ਵਿੱਚ ਪੰਜਾਬ ਹੋਮ ਗਾਰਡ ਦੇ ਇੱਕ ਜਵਾਨ ਦੀ ਮੌਤ ਹੋਣ ਦਾ ਸਮਾਚਾਰ ਹਾਸਿਲ ਹੋਇਆ ਹੈ।
ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾਉਣ ਲਈ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ਦੌਰਾਨ ਇੱਕ ਹੋਮ ਗਾਰਡ ਜਵਾਨ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਪੁਲਿਸ ਕਰਮਚਾਰੀ ਅਜੇ ਵੀ ਜ਼ਖਮੀ ਹਨ।ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ‘ਤੇ ਨਿਹੰਗ ਸਿੰਘਾਂ ਦੇ ਇੱਕ ਜੱਥੇ ਬਾਬਾ ਬੁੱਢਾ ਦਲ ਮਾਨ ਸਿੰਘ ਗਰੁੱਪ ਨੇ ਕਬਜ਼ਾ ਕੀਤਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪਾਸਿਓ ਗੋਲੀਬਾਰੀ ਹੋਈ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦੁਪਹਿਰ 300 ਦੇ ਕਰੀਬ ਪੁਲਿਸ ਕਰਮਚਾਰੀਆਂ, ਜਿਨ੍ਹਾਂ ‘ਚ ਵੱਡੀ ਗਿਣਤੀ ‘ਚ ਲੇਡੀ ਪੁਲਿਸ, ਦੰਗਾ ਰੋਕੂ ਪੁਲਿਸ ਪਾਰਟੀ ਤੇ ਹੋਰ ਸੁਰੱਖਿਆ ਬਲ ਸਨ, ਨੂੰ ਲੈ ਕੇ ਪੁਲਿਸ ਅਧਿਕਾਰੀ ਇਸ ਗੁਰਦੁਆਰਾ ਸਾਹਿਬ ਦੀ ਛਾਉਣੀ ਅੰਦਰ ਜਾਣ ਲਈ ਯਤਨ ਕੀਤਾ ਗਿਆ। ਪਰ ਡੇਰੇ ਦੇ ਅੰਦਰ ਵੱਡੀ ਗਿਣਤੀ ‘ਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਨਿਹੰਗ ਸਿੰਘਾਂ ਨੇ ਲਲਕਾਰਨਾ ਸ਼ੁਰੂ ਕਰ ਦਿੱਤਾ। ਸਿੰਘਾਂ ਵੱਲੋਂ ਪੁਲਿਸ ਨੂੰ ਧਮਕੀ ਦਿੱਤੀ ਕਿ ਜੇਕਰ ਪੁਲਿਸ ਅੰਦਰ ਆਈ ਤਾਂ ਫਿਰ ਆਰ-ਪਾਰ ਦੀ ਲੜਾਈ ਹੋਵੇਗੀ।
ਸੁਲਤਾਨਪੁਰ ਲੋਧੀ ‘ਚ ਪੁਲਿਸ ਅਤੇ ਨਿਹੰਗਾਂ ਵਿਚਾਲੇ ਜ਼ਬਰਦਸਤ ਖੂਨੀ ਝੜਪ ਦਾ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਇਸ ਹੱਦ ਤੱਕ ਵਿਗੜ ਗਿਆ ਕਿ ਦੋਵੇਂ ਪਾਸੇ ਤੋਂ ਗੋਲੀਬਾਰੀ ਸ਼ੁਰੂ ਹੋ ਗਈ। ਜਿਸ ‘ਚ ਗੋਲੀ ਲੱਗਣ ਨਾਲ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਡੀ.ਐੱਸ.ਪੀ ਸਮੇਤ 10 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਕਪੂਰਥਲਾ ‘ਚ ਮਾਹੌਲ ਤਣਾਅਪੂਰਨ ਹੈ।
ਜ਼ਖਮੀਆਂ ਦੀ ਹੋਈ ਪਛਾਣ—–ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖ਼ਲ ਜ਼ਖ਼ਮੀਆਂ ਦੀ ਪਛਾਣ ਡੀ.ਐਸ.ਪੀ ਭੁਲੱਥ ਭਾਰਤ ਭੂਸ਼ਨ ਸੈਣੀ, ਏ.ਐਸ.ਆਈ ਸੁਖਦੇਵ ਸਿੰਘ, ਕਾਂਸਟੇਬਲ ਬੱਬਲਪ੍ਰੀਤ ਸਿੰਘ, ਏ.ਐਸ.ਆਈ ਅਸ਼ੋਕ ਕੁਮਾਰ, ਏ.ਐਸ.ਆਈ ਗੁਰਮੀਤ ਸਿੰਘ, ਸੁਰਿੰਦਰ ਸਿੰਘ, ਅਮਨਦੀਪ ਸਿੰਘ, ਹਰਭਜਨ ਸਿੰਘ, ਰਮਨਦੀਪ ਸਿੰਘ ਅਤੇ ਹਰਜਿੰਦਰ ਸਿੰਘ ਵਜੋਂ ਹੋਈ ਹੈ। ਜ਼ਖ਼ਮੀ ਪੁਲਿਸ ਮੁਲਾਜ਼ਮਾਂ ਗੁਰਮੀਤ ਸਿੰਘ, ਸੁਖਦੇਵ ਸਿੰਘ ਅਤੇ ਅਸ਼ੋਕ ਕੁਮਾਰ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਤੋਂ ਕਪੂਰਥਲਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਵਾਸੀ ਪਿੰਡ ਮਨਿਆਲਾ ਵਜੋਂ ਹੋਈ ਹੈ। ਫਿਲਹਾਲ ਗੋਲੀਬਾਰੀ ਰੁਕ ਗਈ ਹੈ।