ਗੋਲਡੀ ਬਰਾੜ ਦੇ ਸ਼ੂਟਰ ਗ੍ਰਿਫਤਾਰ ਦੋਖੋ

ਐੱਸ,ਐੱਸ,ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਅਪਰਾਧੀਆਂ/ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਦੀ ਨਿਰੰਤਰਤਾ ਵਿੱਚ ਜ਼ਿਲ੍ਹਾ ਐਸ.ਏ.ਐਸ.ਨਗਰ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ, ਜਿਸ ਵਿੱਚ ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਦੇ ਇੱਕ ਸਾਥੀ ਗੁਰਪਾਲ ਸਿੰਘ ਵਾਸੀ ਡੇਰਾਬੱਸੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਨੇ ਦੱਸਿਆ ਕਿ 6.11.2023 ਨੂੰ ਤਿਉਹਾਰਾਂ ਦੇ ਸਮੇਂ ਦੌਰਾਨ ਵਿਸ਼ੇਸ਼ ਗਸ਼ਤ ਦੌਰਾਨ ਐਸ ਐਚ ਓ ਜ਼ੀਰਕਪੁਰ ਨੇ ਆਪਣੀ ਟੀਮ ਸਮੇਤ ਮਨਜੀਤ ਉਰਫ ਗੁਰੀ ਨੂੰ ਵੀ ਆਈ ਪੀ ਰੋਡ, ਜ਼ੀਰਕਪੁਰ ਵਿਖੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ, ਜਦੋਂ ਕਿ ਉਸਦਾ ਇੱਕ ਹੋਰ ਸਾਥੀ ਗੁਰਪਾਲ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਪੁਲਿਸ ਪਾਰਟੀ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਗੁਰੀ ਨੂੰ ਗੋਲੀ ਲੱਗੀ ਸੀ ਅਤੇ ਉਸ ਕੋਲੋਂ ਦੋ ਪਿਸਤੌਲ ਬਰਾਮਦ ਹੋਏ ਸਨ।

ਹੋਰ ਵੇਰਵਿਆਂ ਦਾ ਖੁਲਾਸਾ ਕਰਦਿਆਂ, ਐਸ ਐਸ ਪੀ ਨੇ ਦੱਸਿਆ ਕਿ ਗੁਰਪਾਲ ਨੂੰ ਫੜਨ ਲਈ ਐਸ.ਏ.ਐਸ.ਨਗਰ ਪੁਲਿਸ ਵੱਲੋਂ ਇੱਕ ਵਿਸ਼ੇਸ਼ ਅਪਰੇਸ਼ਨ ਹੰਟ ਸ਼ੁਰੂ ਕੀਤਾ ਗਿਆ ਸੀ।ਪੁਲਿਸ ਵੱਲੋਂ ਇਸ ਦੌਰਾਨ ਮਨੁੱਖੀ/ਤਕਨੀਕੀ ਇਨਪੁਟਸ ‘ਤੇ ਕੰਮ ਕਰਦੇ ਹੋਏ, ਲੋੜੀਂਦੇ ਸ਼ੂਟਰ ਗੁਰਪਾਲ ਸਿੰਘ ਨੂੰ ਅੱਜ ਤੜਕੇ ਪਿੰਡ ਰਣਖੰਡੀ, ਜ਼ਿਲ੍ਹਾ ਸਹਾਰਨਪੁਰ (ਯੂ.ਪੀ.) ਤੋਂ ਗ੍ਰਿਫਤਾਰ ਕੀਤਾ ਗਿਆ, ਜਿੱਥੇ ਉਸਨੂੰ ਉਸਦੇ ਹੈਂਡਲਰਾਂ ਦੁਆਰਾ ਛੁਪਣਗਾਹ ਮੁਹੱਈਆ ਕਰਵਾਈ ਗਈ ਸੀ। ਐਸ ਐਸ ਪੀ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ .30 ਕੈਲੀਬਰ, ਚੀਨੀ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।