ਮੁਕਤਸਰ ਸਾਹਿਬ ਤੋਂ ਆਈ ਬੁਰੀ ਖਬਰ

ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਭੁੱਲਰ ਕੋਲੋਂ ਲੰਘਦੀ ਰਾਜਸਥਾਨ ਫੀਡਰ ਨਹਿਰ ਵਿਚ ਅੱਜ ਇਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਛਲਾਂਗ ਲਗਾ ਦਿੱਤੀ। ਇਹ ਵਿਅਕਤੀ ਰਾਜਸਥਾਨ ਨਾਲ ਸਬੰਧਿਤ ਹੈ। ਕਿਸੇ ਰਾਹਗੀਰ ਵੱਲੋਂ ਇਹ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਨਹਿਰ ਕਿਨਾਰੇ ਕੁਝ ਕੱਪੜੇ, ਮੋਬਾਈਲ ਅਤੇ ਹੋਰ ਸਮਾਨ ਮਿਲਿਆ। ਵਿਅਕਤੀ ਦੀ ਪਹਿਚਾਣ ਜੈ ਰੂਪਾ ਰਾਮ (40) ਵਜੋਂ ਹੋਈ ਹੈ ।

ਜਿਸਨੇ ਆਪਣੇ ਬੱਚਿਆਂ ਸੁਰੇਸ਼ (11), ਦਲੀਪ (9), ਮਨੀਸ਼ਾ (5) ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ। ਇਹ ਸਾਰੇ ਰਾਮ ਮੰਦਰ ਦੀ ਢਾਣੀ ‘ਪਿੰਡ ਬਰੇਟਾ, ਜ਼ਿਲ੍ਹਾ ਜਲੌਰ (ਰਾਜਸਥਾਨ) ਦੇ ਵਾਸੀ ਹਨ। ਪੁਲਸ ਨੇ ਨਹਿਰ ਕਿਨਾਰੇ ਮਿਲੇ ਮੋਬਾਈਲ ਰਾਹੀਂ ਜਦੋਂ ਇਸ ਵਿਅਕਤੀ ਦੇ ਵਾਰਿਸਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਬਿਨ੍ਹਾਂ ਕੁਝ ਦੱਸੇ ਘਰੋਂ ਆਇਆ ਸੀ। ਫਿਲਹਾਲ ਇਸ ਦੇ ਵਾਰਸਾਂ ਦੇ ਆਉਣ ਉਪਰੰਤ ਹੀ ਘਟਨਾ ਦੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ।

ਥਾਣਾ ਸਦਰ ਦੇ ਐੱਸ. ਐੱਚ. ਓ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਉਪਰੰਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਤਾਂ ਨਹਿਰ ਕਿਨਾਰੇ ਕੁਝ ਸਮਾਨ ਮਿਲਿਆ। ਇਸ ਸਮਾਨ ਵਿਚ ਮਿਲੇ ਅਧਾਰ ਕਾਰਡ ਅਤੇ ਮੋਬਾਈਲ ਦੇ ਅਧਾਰ ’ਤੇ ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਹੈ। ਪਰਿਾਵਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਹੀ ਘਟਨਾ ਦੇ ਕਾਰਨਾਂ ਸਬੰਧੀ ਜਾਣਕਾਰੀ ਮਿਲ ਸਕਦੀ ਹੈ। ਵਾਰਿਸਾਂ ਦੇ ਬਿਆਨਾਂ ਦੇ ਅਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।