ਬੰਦੀ ਛੋੜ ਦਿਵਸ ਦਾ ਇਤਿਹਾਸ ਜਾਣੋ ਸਾਰੇ

ਸਿੱਖ ਕੌਮ ਵੱਲੋਂ ਦੀਵਾਲੀ ਨੂੰ ‘ਬੰਦੀ ਛੋੜ ਦਿਵਸ’ ਵਜੋਂ ਮਨਾਉਣ ਦਾ ਸਬੰਧ ਛੇਵੇਂ ਪਤਾਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ ‘ਚੋਂ ਰਿਹਾਈ ਨਾਲ ਜੁੜਿਆ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਮੁਗ਼ਲਾਂ ਦੇ ਜਬਰ ਨਾਲ ਨਜਿੱਠਣ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕੌਮ ਨੂੰ ਹਥਿਆਰਬੰਦ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ‘ਮੀਰੀ’ ਤੇ ‘ਪੀਰੀ’ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ, ਸਿੱਖਾਂ ਨੂੰ ਘੋੜ ਸਵਾਰੀ ਸਮੇਤ ਯੁੱਧ ਕਲਾ ‘ਚ ਨਿਪੁੰਨ ਹੋਣ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤਸਰ ਵਿਚ ਸਿੱਖ ਕੌਮ ਸਬੰਧੀ ਨਿਰਣਿਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ।

ਗੁਰੂ ਸਾਹਿਬ ਦੀ ਸ਼ਾਹੀ, ਸੁਤੰਤਰ ਤੇ ਬੇਬਾਕ ਜੀਵਨ ਸ਼ੈਲੀ ਹਕੂਮਤ ਨੂੰ ਰੜਕਣ ਲੱਗੀ। ਗੁਰੂ ਘਰ ਦੇ ਦੋਖੀਆਂ ਨੇ ਮੁਗ਼ਲ ਹਾਕਮਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਬਾਦਸ਼ਾਹ ਜਹਾਂਗੀਰ ਨੂੰ ਵੀ ਜਾਪਦਾ ਸੀ ਕਿ ਸ਼ਾਇਦ ਗੁਰੂ ਸਾਹਿਬ ਸਾਰੀ ਜੰਗੀ ਤਿਆਰੀ ਮੁਗ਼ਲ ਹਕੂਮਤ ਕੋਲੋਂ ਆਪਣੇ ਗੁਰੂ-ਪਿਤਾ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਕਰ ਰਹੇ ਹਨ। ਉਸ ਨੇ ਗੁਰੂ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀਆਂ ਚਾਲਾਂ ਸ਼ੁਰੂ ਕਰਦਿਆਂ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ‘ਚ ਬੰਦੀ ਬਣਾ ਦਿੱਤਾ।

ਗੁਰੂ ਸਾਹਿਬ ਨੂੰ ਤਰਕਹੀਣ ਢੰਗ ਨਾਲ ਕਿਲ੍ਹੇ ‘ਚ ਬੰਦੀ ਬਣਾਏ ਜਾਣ ਦਾ ਸਿੱਖਾਂ ਸਮੇਤ ਸਭਨਾਂ ਧਰਮਾਂ ਦੇ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ ‘ਤੇ ਮੁਗ਼ਲ ਹਕੂਮਤ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਨਿਰਣਾ ਲਿਆ। ਗੁਰੂ ਸਾਹਿਬ ਨੇ ਮੁਗ਼ਲ ਹਕੂਮਤ ਅੱਗੇ ਆਪਣੀ ਰਿਹਾਈ ਦੇ ਨਾਲ 52 (ਬਵੰਜਾ) ਰਾਜਿਆਂ ਦੀ ਰਿਹਾਈ ਦੀ ਸ਼ਰਤ ਰੱਖੀ। ਰਿਹਾਈ ਵੇਲੇ ਗੁਰੂ ਸਾਹਿਬ ਵੱਲੋਂ ਪਹਿਨੇ ਬਵੰਜਾ (52) ਕਲੀਆਂ ਵਾਲੇ ਚੋਲੇ ਨਾਲ ਇਨ੍ਹਾਂ ਬਵੰਜਾ ਰਾਜਿਆਂ ਦੀ ਵੀ ਰਿਹਾਈ ਹੋਈ। ਕਿਲ੍ਹੇ ‘ਚੋਂ ਰਿਹਾਈ ਉਪਰੰਤ ਗੁਰੂ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਸਿੱਖ ਸੰਗਤ ਨੇ ਉਨ੍ਹਾਂ ਦੀ ਆਮਦ ਦੀ ਖ਼ੁਸ਼ੀ ‘ਚ ਹਰਿਮੰਦਰ ਸਾਹਿਬ ਵਿਖੇ ‘ਦੀਪਮਾਲਾ’ ਅਤੇ ‘ਆਤਿਸ਼ਬਾਜ਼ੀ’ ਦੇ ਨਾਲ-ਨਾਲ ਆਪਣੇ ਘਰਾਂ ਦੇ ਬਨੇਰਿਆਂ/ਕੰਧਾਂ ‘ਤੇ ਵੀ ਦੀਪਮਾਲਾ ਕੀਤੀ। ਉਸ ਦਿਨ ਤੋਂ ਸਿੱਖ ਕੌਮ ਦਾ ਦੀਵਾਲੀ ਨਾਲ ਸਬੰਧ ਹੋਰ ਗਹਿਰਾ ਹੋ ਗਿਆ ਤੇ ਸਿੱਖਾਂ ਨੇ ਦੀਵਾਲੀ ਦਾ ਤਿਉਹਾਰ ‘ਬੰਦੀ ਛੋੜ ਦਿਵਸ’ ਵਜੋਂ ਮਨਾਉਣਾ ਸ਼ੁਰੂ ਕੀਤਾ। ਸਿੱਖਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਈ ਜਾਂਦੀ ਦਿਵਾਲੀ ਵਿਸ਼ਵ ਪ੍ਰਸਿੱਧ ਹੈ ਤੇ ਇਸ ਮੌਕੇ ‘ਆਤਿਸ਼ਬਾਜ਼ੀ’ ਤੇ ‘ਦੀਪਮਾਲਾ’ ਦਾ ਨਜ਼ਾਰਾ ਵਿਲੱਖਣ ਹੁੰਦਾ ਹੈ। ਇਹ ਆਲੌਕਿਕ ਨਜ਼ਾਰਾ ਵੇਖਣ ਅਤੇ ਗੁਰੂ ਸਾਹਿਬ ਨੂੰ ਸੀਸ ਝੁਕਾਉਣ ਲਈ ਵੱਡੀ ਗਿਣਤੀ ‘ਚ ਸੰਗਤਾਂ ਹਰ ਵਰ੍ਹੇ ਹੁਮ ਹੁੰਮਾ ਕੇ ਸ੍ਰੀ ਹਰਿਮੰਦਰ ਸਾਹਿਬ ਪੁੱਜਦੀਆਂ ਹਨ।

ਸਿੱਖ ਕੌਮ ਵੱਲੋਂ ਜਬਰ-ਜ਼ੁਲਮ ਨਾਲ ਟਕਰਾਉਣ ‘ਚ ਵਿਖਾਏ ਜਾਣ ਵਾਲੇ ਜੋਸ਼ ਤੋਂ ਮੁਗ਼ਲ ਹਕੂਮਤ ਬਹੁਤ ਪਰੇਸ਼ਾਨ ਸੀ। ਮੁਗ਼ਲਾਂ ਵੱਲੋਂ ਵਿਖਾਇਆ ਜਾਂਦਾ ਭੈਅ ਸਿੱਖਾਂ ਨੂੰ ਡਰਾਉਣ ‘ਚ ਅਸਫ਼ਲ ਹੁੰਦਾ ਵੇਖ ਕੇ ਉਨ੍ਹਾਂ ਨੇ ਸਿੱਖਾਂ ਦੀ ਸ਼ਕਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਸਿੱਖਾਂ ਦੀ ਸ੍ਰੀ ਦਰਬਾਰ ਸਾਹਿਬ ਵਿਖੇ ਆਮਦ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਣ ਲੱਗੀਆਂ। ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਮੁਗ਼ਲਾਂ ਦੇ ਸਿੱਖ ਕੌਮ ‘ਤੇ ਅੱਤਿਆਚਾਰ ਵੱਧ ਗਏ। ਸਿੱਖ ਜੰਗਲਾਂ ਤੇ ਵੀਰਾਨ ਥਾਵਾਂ ‘ਤੇ ਸਮਾਂ ਗੁਜ਼ਾਰਦੇ ਹੋਏ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਰੂਰ ਪਹੁੰਚਦੇ। ਮੁਗ਼ਲਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਉਣ ਤੋਂ ਰੋਕਣ ਲਈ ਵੀ ਸਿੱਖ ਸੰਗਤ ਦੀ ਆਮਦ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਸ ਸਮੇਂ ਦਰਬਾਰ ਸਾਹਿਬ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਭਾਈ ਮਨੀ ਸਿੰਘ ਜੀ ਨੇ ਮੁਗ਼ਲ ਹਕੂਮਤ ਤੋਂ ‘ਬੰਦੀ ਛੋੜ ਦਿਵਸ’ ਮਨਾਉਣ ਦੀ ਇਜਾਜ਼ਤ ਮੰਗੀ। ਹਕੂਮਤ ਨੇ ਮੰਦਭਾਵਨਾ ਤਹਿਤ ਟੈਕਸ ਦੀ ਅਦਾਇਗੀ ਬਦਲੇ ਇਹ ਮਨਜ਼ੂਰੀ ਦਿੱਤੀ। ਭਾਈ ਮਨੀ ਸਿੰਘ ਜੀ ਵੱਲੋਂ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚਣ ਲਈ ਕੀਤੀ ਅਪੀਲ ਨਾਲ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਬੰਦੀ ਛੋੜ ਦਿਵਸ ਮੌਕੇ ਇਕੱਤਰ ਸਿੱਖਾਂ ‘ਤੇ ਹਕੂਮਤ ਵੱਲੋਂ ਕੀਤੇ ਜਾਣ ਵਾਲੇ ਅੱਤਿਆਚਾਰ ਦੀ ਭਾਈ ਮਨੀ ਸਿੰਘ ਜੀ ਨੂੰ ਖ਼ਬਰ ਲੱਗੀ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਤੋਂ ਰੋਕ ਦਿੱਤਾ।

ਸਿੱਖਾਂ ਉੱਪਰ ਹਮਲੇ ਕਰ ਕੇ ਉਨ੍ਹਾਂ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਪਹੁੰਚਾਉਣ ਦੇ ਮਨਸੂਬੇ ਮਿੱਟੀ ‘ਚ ਮਿਲਣ ‘ਤੇ ਲੋਹੀ-ਲਾਖੀ ਹੋਈ ਮੁਗ਼ਲ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਭਾਈ ਮਨੀ ਸਿੰਘ ਵੱਲੋਂ ਹਕੂਮਤ ਨੂੰ ‘ਬੰਦੀ ਛੋੜ ਦਿਵਸ’ ਮਨਾਉਣ ਲਈ ਅਦਾ ਕੀਤੇ ਜਾਣ ਵਾਲੇ ਟੈਕਸ ਦੀ ਅਦਾਇਗੀ ਤੋਂ ਇਨਕਾਰ ਕਰ ਦੇਣ ਨਾਲ ਭਾਈ ਮਨੀ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਹਕੂਮਤ ਨੂੰ ਬਹਾਨਾ ਮਿਲ ਗਿਆ। ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰ ਕੇ ਇਸਲਾਮ ਜਾਂ ਮੌਤ ਨੂੰ ਕਬੂਲ ਕਰਨ ਦਾ ਫਰਮਾਨ ਸੁਣਾਇਆ ਗਿਆ। ਭਾਈ ਮਨੀ ਸਿੰਘ ਜੀ ਨੇ ਸ਼ਹਾਦਤਾਂ ਦੇ ਗੌਰਵਮਈ ਇਤਿਹਾਸ ‘ਤੇ ਪਹਿਰਾ ਦਿੰਦਿਆਂ ਸ਼ਹਾਦਤ ਦੇਣੀ ਪ੍ਰਵਾਨ ਕੀਤਾ। ਭਾਈ ਮਨੀ ਸਿੰਘ ਜੀ ਨੇ ਗੱਜ ਕੇ ਕਿਹਾ ‘ਮੈਨੂੰ ਜਾਨ ਨਹੀਂ ਸਿੱਖੀ ਪਿਆਰੀ ਹੈ। ਮੇਰੀ ਜ਼ਿੰਦਗੀ ਮੇਰੇ ਗੁਰੂਆਂ ਦੀ ਅਮਾਨਤ ਹੈ। ਮੈਂ ਇਸ ਨੂੰ ਉਨ੍ਹਾਂ ਦੇ ਪਾਏ ਪੂਰਨਿਆਂ ਨੂੰ ਨਿਭਾਉਣ ਲਈ ਲੇਖੇ ਲਾ ਕੇ ਖ਼ੁਦ ਨੂੰ ਵਡਭਾਗਾ ਸਮਝਦਾ ਹਾਂ।’

ਮੁਗ਼ਲ ਹਕੂਮਤ ਵੱਲੋਂ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਮਨੀ ਸਿੰਘ ਵੱਲੋਂ ਸਿੱਖੀ ਸਿੱਦਕ ਨਿਭਾਉਣ ਲਈ ਦਿੱਤੀ ਸ਼ਹਾਦਤ ਦਾ ਦਿਨ ਬੇਸ਼ੱਕ ਦੀਵਾਲੀ ਵਾਲਾ ਨਹੀਂ ਸੀ ਪਰ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਦੀਵਾਲੀ ਮਨਾਉਣਾ ਜਰੂਰ ਬਣਿਆ। ਇਸ ਤਰ੍ਹਾਂ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਮਾਣਮੱਤੇ ਇਤਿਹਾਸ ਦੀ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਵਾਲੀ ਦੂਜੀ ਗੌਰਵਮਈ ਘਟਨਾ ਦਾ ਸਬੰਧ ਵੀ ‘ਬੰਦੀ ਛੋੜ ਦਿਵਸ’ ਨਾਲ
ਜੁੜ ਗਿਆ।