ਪੰਜਾਬ ਦੇ ਮੌਸਮ ਬਾਰੇ ਵੱਡੀ ਜਾਣਕਾਰੀ

ਵੈਸਟਰਨ ਡਿਸਟਰਬੈਂਸ ਨੇ ਇੱਕ ਵਾਰ ਫਿਰ ਪੰਜਾਬ ਦੇ ਮੌਸਮ ਵਿੱਚ ਬਦਲਾਅ ਲਿਆਂਦਾ ਹੈ। ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੂਰਬੀ ਮਾਲਵਾ ਅਤੇ ਮਾਝੇ ਵਿੱਚ ਯੈਲੋ ਅਲਰਟ ਜਾਰੀ ਹੈ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਦਿਨ ਭਰ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਬੱਦਲਵਾਈ ਕਾਰਨ ਸਵੇਰੇ ਘੱਟੋ-ਘੱਟ ਤਾਪਮਾਨ ਵੀ ਡਿੱਗ ਰਿਹਾ ਹੈ।

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਸ਼ੁੱਕਰਵਾਰ ਨੂੰ ਪਏ ਮੀਂਹ ਨੇ ਕਾਂਬਾ ਛੇੜ ਦਿੱਤਾ ਹੈ। ਠੰਡੀਆਂ ਹਵਾਵਾਂ ਚੱਲਣ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਸ਼ੁੱਕਰਵਾਰ ਸਵੇਰੇ ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕਿਆਂ ‘ਚ ਮੀਂਹ ਪਿਆ। ਇਸ ਕਾਰਨ ਤਾਪਮਾਨ ‘ਚ ਗਿਰਾਵਟ ਮਗਰੋਂ ਹਲਕੀ ਠੰਡਕ ਮਹਿਸੂਸ ਹੋਣ ਲੱਗੀ। ਤੇਜ਼ ਹਵਾਵਾਂ ਤੋਂ ਬਾਅਦ ਜਲੰਧਰ, ਰੋਪੜ, ਅੰਮ੍ਰਿਤਸਰ, ਬਰਨਾਲਾ, ਪਠਾਨਕੋਟ ਸਮੇਤ ਕਈ ਜ਼ਿਲ੍ਹਿਆਂ ’ਚ ਮੀਂਹ ਪਿਆ, ਜਿਸ ਨਾਲ ਠੰਡ ਵੱਧ ਗਈ ਹੈ।

ਅਟਲ ਟਨਲ ਦੇ ਆਸ-ਪਾਸ, ਰੋਹਤਾਂਗ ਦੱਰਾ, ਸ਼ਿਕਾਰੀ ਦੇਵੀ ਅਤੇ ਕਮਰੁਨਾਗ ’ਚ ਬਰਫ਼ਬਾਰੀ ਕਾਰਨ ਸੈਲਾਨੀਆਂ ਦੀ ਆਵਾਜਾਈ ’ਤੇ ਰੋਕ ਲੱਗ ਗਈ ਹੈ ਅਤੇ ਮਨਾਲੀ-ਲੇਹ ਸੜਕ ਬੰਦ ਹੋ ਗਈ ਹੈ। ਸੋਲੰਗਨਾਲਾ ਅਤੇ ਮੜ੍ਹੀ ’ਚ ਹੀ ਸੈਲਾਨੀਆਂ ਨੂੰ ਰੋਕ ਦਿੱਤਾ ਗਿਆ ਹੈ। ਉੱਥੇ ਹੀ ਸੈਰ-ਸਪਾਟੇ ਵਾਲੇ ਸਥਾਨ ਗੁਲਮਰਗ ਸਮੇਤ ਜੰਮੂ-ਕਸ਼ਮੀਰ ਦੇ ਕਈ ਉੱਚਾਈ ਵਾਲੇ ਇਲਾਕਿਆਂ ’ਚ ਬਰਫ਼ਬਾਰੀ ਹੋਈ ਹੈ। ਜੰਮੂ, ਸਾਂਬਾ, ਕਠੂਆ ਅਤੇ ਊਧਮਪੁਰ ’ਚ ਰਾਤ ਤੋਂ ਹੀ ਭਾਰੀ ਮੀਂਹ ਦਾ ਦੌਰ ਜਾਰੀ ਹੈ।