ਜ਼ਿਲ੍ਹੇ ਦੇ ਥਾਣਾ ਸਦਰ ਪੱਟੀ ਅਧੀਨ ਆਉਂਦੇ ਪਿੰਡ ਘਰਿਆਲਾ ਵਿਖੇ ਬੀਤੀ ਦੇਰ ਰਾਤ ਘਰ ਵਿਚ ਦਾਖਲ ਹੋ ਕੇ ਜਿਮ ਮਾਲਕ ਰਣਜੀਤ ਸਿੰਘ ਰਾਣਾ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਇਹ ਸਾਰੀ ਘਟਨਾ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ । ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ । ਇਸ ਵਾਰਦਾਤ ਤੋਂ ਘੰਟੇ ਬਾਅਦ ਹੀ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਇਸ ਕਤਲ ਕੇਸ ਨੂੰ ਹੱਲ ਕਰ ਲਿਆ ਹੈ । ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਦਾ ਕਤਲ ਉਸ ਦੀ ਪਤਨੀ ਵੱਲੋਂ ਆਪਣੇ ਆਸ਼ਕ ਨਾਲ ਮਿਲ ਕੇ ਹੀ ਕਰਵਾਇਆ ਗਿਆ ਸੀ ।
ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਪਿੰਡ ਘਰਿਆਲਾ ਜੋ ਕਰੀਬ ਅੱਠ ਸਾਲ ਵਿਦੇਸ਼ ਵਿੱਚ ਕੰਮ ਕਰਨ ਤੋਂ ਬਾਅਦ ਸੱਤ ਮਹੀਨੇ ਪਹਿਲਾਂ ਹੀ ਪਿੰਡ ਪੁੱਜਾ ਸੀ ਅਤੇ ਜਿਮ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ । ਬੀਤੀ ਰਾਤ ਕਰੀਬ ਡੇਢ ਵਜੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਰਣਜੀਤ ਸਿੰਘ ਦੇ ਘਰ ਅੰਦਰ ਦਾਖਲ ਹੁੰਦੇ ਹੋਏ ਉਸ ਨੂੰ ਅੰਨ੍ਹੇਵਾਹ ਉਸ ਵੇਲੇ ਗੋਲੀਆਂ ਮਾਰ ਦਿੱਤੀਆਂ, ਜਦੋਂ ਉਹ ਕਮਰੇ ਵਿਚ ਆਪਣੀ ਪਤਨੀ ਅਤੇ ਬੇਟੇ ਨਾਲ ਸੁੱਤਾ ਪਿਆ ਸੀ । ਰਣਜੀਤ ਸਿੰਘ ਦੇ ਸਰੀਰ ਉੱਪਰ ਪੰਜ ਗੋਲੀਆਂ ਵੱਜਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ
ਦੱਸ ਦਈਏ ਕਿ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਪੱਟੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਰਣਜੀਤ ਸਿੰਘ ਦਾ ਕਤਲ ਕਰਨ ਪਿੱਛੇ ਉਸ ਦੀ ਪਤਨੀ ਦਾ ਹੱਥ ਸਾਹਮਣੇ ਆਇਆ ਹੈ । ਉਨ੍ਹਾਂ ਦੱਸਿਆ ਕਿ ਪਤਨੀ ਬਲਜੀਤ ਕੌਰ ਪਾਸੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਹੈ ਕਿ ਉਸ ਦੇ ਪਿੰਡ ਲਾਖਣਾ ਦੇ ਮਹਾਵੀਰ ਸਿੰਘ ਨਾਲ ਨਾਜਾਇਜ਼ ਸਬੰਧ ਹਨ ।