ਨਿਊਜੀਲੈਂਡ ਤੋਂ ਆਈ ਵੱਡੀ ਬੁਰੀ ਖਬਰ

ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕ ਪਿੰਡ ਖੈਹਿਰਾ ਕਲਾਂ ਵਿਖੇ ਉਸ ਵੇਲੇ ਮਾਹੌਲ ਗਮਗੀਣ ਹੋ ਗਿਆ, ਜਦੋਂ ਪਿੰਡ ਦੇ ਨੌਜਵਾਨ ਜੋਬਨ ਸਿੰਘ ਦੀ ਨਿਊਜੀਲੈਂਡ ’ਚੋਂ ਮੌਤ ਦੀ ਖ਼ਬਰ ਪਿੰਡ ਪਹੁੰਚੀ। ਜਿਥੇ ਘਰ ‘ਚ ਖੁਸ਼ੀਆਂ ਦਾ ਮਾਹੌਲ ਸੀ, ਧੀ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ ਉੱਥੇ ਇਸ ਵਿਚਾਲੇ ਜਦ ਜਵਾਨ ਪੁੱਤ ਦੀ ਮੌਤ ਦਾ ਸੁਨੇਹਾ ਵਿਦੇਸ਼ ਤੋਂ ਆਇਆ ਤਾਂ ਘਰ ‘ਚ ਮਾਤਮ ਛਾ ਗਿਆ ਅਤੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਸੁਨੇਹੇ ਨੂੁੰ ਸੁਣ ਕੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ।

ਇਸ ਸਬੰਧੀ ਪਿੰਡ ਦੇ ਸਰਪੰਚ ਹਕੂਮਤ ਰਾਏ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਜੋਬਨ ਸਿੰਘ ਵਾਸੀ ਖੈਹਿਰਾ ਕਲਾਂ ਫਰਵਰੀ 2019 ’ਚ ਨਿਊਜੀਲੈਂਡ ਆਕਲੈਂਡ ਗਿਆ ਸੀ। ਜਿਸ ਦੀ 8 ਅਕਤੂਬਰ ਨੂੰ ਪਰਿਵਾਰ ਨਾਲ ਆਖ਼ਰੀ ਵਾਰ ਫੋਨ ਤੇ ਗੱਲ ਹੋਈ ਸੀ ਅਤੇ ਉਸ ਤੋਂ ਬਾਅਦ ਜੋਬਨ ਦਾ ਫੋਨ ਅਤੇ ਨੈੱਟ ਬੰਦ ਆਉਣ ਲੱਗ ਪਿਆ ਅਤੇ ਉਨ੍ਹਾਂ ਦੀ ਉਸ ਨਾਲ ਗੱਲ ਹੋਣੀ ਬੰਦ ਹੋ ਗਈ। ਪਰਿਵਾਰ ਦੇ ਵਾਰ-ਵਾਰ ਕੋਸ਼ਿਸ਼ ਕਰਨ ‘ਤੇ ਵੀ ਜੋਬਨ ਸਿੰਘ ਨਾਲ ਸਪੰਰਕ ਨਹੀਂ ਹੋ ਸਕਿਆ।

ਫ਼ਿਲਹਾਲ ਜੋਬਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪਰਿਵਾਰ ਵੱਲੋਂ ਪੁੱਤ ਦੀ ਲਾਸ਼ ਭਾਰਤ ਲਿਆਉਂਣ ਲਈ ਐੱਨ. ਆਰ. ਈ. ਭਰਾਵਾਂ ਅਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਉਨ੍ਹਾਂ ਦੇ ਪੁੱਤਰ ਦੀ ਨਿਊਜੀਲੈਂਡ ਤੋਂ ਲਾਸ਼ ਲਿਆਉਂਣ ਲਈ ਮਦਦ ਕਰੇ।