ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਿਰੁੱਧ ਝੂਠੇ ਪ੍ਰਾਪੇਗੰਡਾ ਤੋਂ ਸੰਗਤ ਸੁਚੇਤ ਰਹੇ ਸੰਗਤ ਜੀ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਫੈਸਲੇ ਅਨੁਸਾਰ ਕੈਮੀਕਲ ਯੁਕਤ ਖ਼ੁਸ਼ਬੋ (ਪ੍ਰਫਿਊਮ) ਦੀ ਵਰਤੋਂ ਉੱਤੇ ਹੁਣ ਸਮੂਹ ਗੁਰਦੁਆਰਾ ਸਾਹਿਬ ਵਿਖੇ ਪਾਬੰਦੀ ਲਗਾਈ ਹੋਈ ਹੈ।
ਇਸ ਦੇ ਸਬੰਧ ਵਿੱਚ ਹੀ ਮਿਤੀ 17 ਅਤਕੂਬਰ 2023 ਨੂੰ ਬਾਬਾ ਪਰਦੀਪ ਸਿੰਘ ਬੋਰੇ ਵਾਲੇ (ਬਧਨੀ ਕਲਾਂ, ਮੋਗਾ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਅਤਰ ਦੀ ਸੇਵਾਵਾਂ ਦੇਣ ਲਈ ਆਏ ਸਨ। ਉਨ੍ਹਾਂ ਦੇ ਨਾਲ ਅਜਮੇਰ ਰਾਜਸਥਾਨ ਤੋਂ ਇੱਕ ਸੱਜਣ ਹੋਰ ਆਏ ਸਨ, ਜਿਨ੍ਹਾਂ ਨੇ ਕੁਦਰਤੀ ਸਰੋਤਾਂ ਨਾਲ ਤਿਆਰ ਕੀਤਾ ਅਤਰ ਸ੍ਰੀ ਦਰਬਾਰ ਸਾਹਿਬ ਲਈ ਮੁਹੱਈਆ ਕਰਵਾਉਣਾ ਹੈ।
-ਇਸ ਸਬੰਧ ਵਿੱਚ ਸੋਸ਼ਲ ਮੀਡੀਆ ਉੱਤੇ ਕੁਝ ਲੋਕਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਸਿੱਧੇ ਪ੍ਰਸਾਰਣ ਦੀ ਵੀਡੀਓ ਦੇ ਕੁਝ ਅੰਸ਼ਾਂ ਨੂੰ ਸ਼ਰਾਰਤੀ ਢੰਗ ਨਾਲ ਤੋੜ-ਮਰੋੜ ਕਿ ਪੇਸ਼ ਕਰਦਿਆਂ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ “ਬਾਬਾ ਪਰਦੀਪ ਸਿੰਘ ਨੂੰ ਵੀਆਈਪੀ ਵਜੋਂ ਬੰਦੋਬਸਤ ਕਰਕੇ ਦਿੱਤੇ ਗਏ ਤੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬਿਠਾਉਣ ਲਈ ਰਾਗੀ ਸਿੰਘਾਂ ਦੇ ਪਿੱਛੇ ਬੈਠੀ ਸੰਗਤ ਨੂੰ ਉਠਾਇਆ ਗਿਆ। ਬਾਬਾ ਪਰਦੀਪ ਸਿੰਘ ਦੇ ਆਉਣ ਸਮੇਂ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ (ਐਡੀਸ਼ਨਲ ਹੈੱਡ ਗ੍ਰੰਥੀ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੋਂ ਉੱਠ ਕੇ ਉਨ੍ਹਾਂ ਨੂੰ ਸਨਮਾਨ ਦੇਣ ਲਈ ਗਏ। ਬਾਬਾ ਜੀ ਤੋਂ ਆਪਣੇ ਪੈਰਾਂ ਨੂੰ ਹੱਥ ਲੁਆਇਆ ਤੇ ਸਿੰਘ ਸਾਹਿਬ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ।
ਇਸ ਸਮੇਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ (ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਤੇ ਉਨ੍ਹਾਂ ਦੇ ਨਿਜੀ ਸਹਾਇਕ ਸ. ਭਗਵਾਨ ਸਿੰਘ ਵੀ ਮੌਜੂਦ ਹਨ। ਇਹ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਹੁਣ ਵੀ ਕੈਮੀਕਲ ਯੁਕਤ ਖ਼ੁਸ਼ਬੋ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨੂੰ ਜਦੋਂ ਗੁਰੂ ਸਾਹਿਬ ਦੇ ਪੀੜ੍ਹੇ ਜਾਂ ਰੁਮਾਲਾ ਸਾਹਿਬ ’ਤੇ ਵਰਤਿਆ ਜਾਂਦਾ ਹੈ ਤਾਂ ਰੁਮਾਲਾ ਸਾਹਿਬ ਦਾ ਰੰਗ ਲੱਥ ਜਾਂਦਾ ਹੈ। ਰੁਮਾਲਾ ਸਾਹਿਬ ਤਿਆਰ ਕਰਨ ਵਾਲੇ ਵੀ ਠੱਗੀ ਮਾਰਨ ਲਈ ਘਟੀਆ ਕਿਸਮ ਦਾ ਕੱਪੜਾ ਵਰਤਦੇ ਹਨ, ਜਿਸ ਦਾ ਰੰਗ ਲੱਥ ਜਾਂਦਾ ਹੈ।”
-ਸੰਗਤ ਜੀ ਉਕਤ ਕੂੜ ਪ੍ਰਚਾਰ ਤੱਥਾਂ ਤੋਂ ਕੋਰਾ ਤੇ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸੁਚੱਜੇ ਪ੍ਰਬੰਧ ਨੂੰ ਬਦਨਾਮ ਕਰਨ ਵਾਲਾ ਹੈ। ਇਸ ਦੀ ਸੱਚਾਈ ਇਹ ਹੈ ਕਿ ਕੈਮੀਕਲ ਯੁਕਤ ਖ਼ੁਸ਼ਬੋ ’ਤੇ ਪਾਬੰਦੀ ਮਗਰੋਂ ਬਾਬਾ ਪਰਦੀਪ ਸਿੰਘ ਨੇ ਕੁਦਰਤੀ ਸਰੋਤਾਂ ਨਾਲ ਤਿਆਰ ਕੀਤੇ ਜਾਣ ਵਾਲੇ ਅਤਰ ਦੀ ਸੇਵਾ ਦੀ ਪੇਸ਼ਕਸ਼ ਕੀਤੀ।
ਇਸ ਲਈ ਉਹ ਮਿਤੀ 17 ਅਕਤੂਬਰ ਨੂੰ ਅਜਮੇਰ ਰਾਜਸਥਾਨ ਤੋਂ ਉਸ ਸੱਜਣ ਨੂੰ ਨਾਲ ਲੈ ਕੇ ਆਏ ਜਿਸ ਨੇ ਇਹ ਅਤਰ ਮੁਹੱਈਆ ਕਰਵਾਉਣਾ ਹੈ। ਕਿਉਂਕਿ ਬਾਬਾ ਜੀ ਨੂੰ ਇਹ ਸੇਵਾ ਦਿੱਤੀ ਗਈ ਹੈ ਤਾਂ ਉਨ੍ਹਾਂ ਦੇ ਆਉਣ ਦਾ ਮਕਸਦ ਇਹ ਸੀ ਕਿ ਉਹ ਦੇਖਣਾ ਚਾਹੁੰਦੇ ਸਨ ਕਿ ਇੱਕ ਸਮੇਂ ਵਿੱਚ ਕਿੰਨੀ ਮਾਤਰਾ ਅਤਰ ਲਗਾਇਆ ਜਾਂਦਾ ਹੈ।