ਕੈਨੇਡਾ ’ਚ ਆਏ ਦਿਨ ਕਤਲ ਅਤੇ ਮੌਤਾਂ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ’ਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ।
ਪਤੀ ਨੇ ਪਤਨੀ ਦਾ ਕੀਤਾ ਕਤਲ —ਮਿਲੀ ਜਾਣਕਾਰੀ ਮੁਤਾਬਿਕ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ (ਬਿਲੜੋ) ਦੀ ਇੱਕ 46 ਸਾਲਾਂ ਔਰਤ ਦਾ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਪਤੀ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੈਨੇਡਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ —ਜਾਣਕਾਰੀ ਦਿੰਦੇ ਹੋਏ ਪਿੰਡ ਰਾਮਪੁਰ (ਬਿਲੜੋ) ਵਿੱਖੇ ਓਂਕਾਰ ਸਿੰਘ, ਗੁਰਬਖਸ਼ ਕੌਰ, ਰਵਿੰਦਰ ਕੁਮਾਰ ਨੀਟਾ ਪੇਕਾ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕੁਲਵੰਤ ਕੌਰ ਦਾ 10 ਸਾਲ ਪਹਿਲਾਂ ਬਲਵੀਰ ਸਿੰਘ ਪਿੰਡ ਧਾਲੀਵਾਲ ਕਪੂਰਥਲਾ ਜਿਹੜਾ ਕਿ ਕੈਨੇਡਾ ਵਿੱਚ ਰਹਿੰਦਾ ਹੈ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬਲਵੀਰ ਸਿੰਘ 4 ਸਾਲ ਪਹਿਲਾਂ ਆਪਣੀ ਪਤਨੀ ਕੁਲਵੰਤ ਕੌਰ ਅਤੇ ਬੇਟੇ ਨੂੰ ਕੈਨੇਡਾ ਲੈ ਗਏ, ਜਿੱਥੇ ਉਨ੍ਹਾਂ ਦਾ ਆਪਸ ਵਿੱਚ ਕਿਸੇ ਗੱਲ੍ਹ ਨੂੰ ਲੈਕੇ ਝਗੜਾ ਰਹਿੰਦਾ ਸੀ।
ਮੁਲਜ਼ਮ ਪਤੀ ਨੂੰ ਕੈਨੇਡਾ ਪੁਲਿਸ ਨੇ ਕੀਤਾ ਗ੍ਰਿਫਤਾਰ —ਕੁਲਵੰਤ ਕੌਰ ਦੇ ਪੇਕੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਕੈਨੇਡਾ ਪੁਲਿਸ ਦਾ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਕੁਲਵੰਤ ਕੌਰ ਦਾ ਉਸਦੇ ਪਤੀ ਬਲਵੀਰ ਸਿੰਘ ਨੇ ਕਤਲ ਕਰ ਦਿੱਤਾ ਹੈ ਅਤੇ ਕੈਨੇਡਾ ਪੁਲਿਸ ਨੇ ਬਲਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੇਕੇ ਪਰਿਵਾਰ ਨੇ ਦੋਸ਼ ਲਗਾਇਆ ਕਿ ਬਲਵੀਰ ਸਿੰਘ ਨੇ ਉਨ੍ਹਾਂ ਦੀ ਬੇਟੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ, ਜਿਸਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਮੰਗ —ਹੁਣ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਕੁਲਵੰਤ ਕੌਰ ਨਾਲ ਮਿਲਾਇਆ ਜਾਵੇ ਅਤੇ ਉਸਦੇ ਬੇਟੇ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ ਤਾਕਿ ਉਹ ਉਸਦੀ ਪਰਵਰਿਸ਼ ਕਰ ਸਕਣ।