ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਟਰਾਂਟੋ ਸ਼ਹਿਰ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਕਰਨਵੀਰ ਸਿੰਘ ਬਾਜਵਾ ਪੁੱਤਰ ਜਸਵੰਤ ਸਿੰਘ ਬਾਜਵਾ (23) ਵਾਸੀ ਹਲਕਾ ਦਸੂਹਾ, ਪਿੰਡ ਘੋਘਰਾ ਦਾ ਰਹਿਣ ਵਾਲਾ ਸੀ। ਮੌਤ ਦੀ ਖ਼ਬਰ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ। ਮ੍ਰਿਤਕ ਨੌਜਵਾਨ ਦੇ ਚਾਚਾ ਸਤਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਕਰਨਵੀਰ ਸਿੰਘ ਬਾਜਵਾ ਮਾਪਿਆਂ ਦਾ ਇਕੌਲਤਾ ਪੁੁੱਤ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋਕਿ ਪੜ੍ਹਾਈ ਲਈ ਕੈਨੇਡਾ ਭੇਜਿਆ ਗਿਆ ਸੀ। ਮੇਰੇ ਅਤੇ ਛੋਟੇ ਭਰਾ ਦੇ ਮੁੰਡੇ ਵੀ ਕੈਨੇਡਾ ਵਿੱਚ ਸਨ, ਜਿੱਥੇ ਚਾਰ ਸਾਲਾਂ ਬਾਅਦ ਇਹ ਸਾਰੇ ਭਰਾ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਇਕੱਠੇ ਹੋਏ ਸਨ।
ਸਵੇਰੇ ਜਦੋਂ ਕਰਨਵੀਰ ਨੂੰ ਉਠਾਇਆ ਗਿਆ ਤਾਂ ਕਰਨਵੀਰ ਨਹੀਂ ਉੱਠਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਵੇਰੇ ਪੁੱਤਰਾਂ ਦਾ ਫੋਨ ਆਇਆ ਕਿ ਕਰਨਵੀਰ ਸਿੰਘ ਦੀ ਮੌਤ ਹੋ ਗਈ ਹੈ। ਕਰਨਵੀਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਭਾਰਤ ਭੇਜ ਕੇ ਸਸਕਾਰ ਕੀਤਾ ਜਾਵੇਗਾ।
ਮਾਂ ਦਾ ਇਕਲੌਤਾ ਸਹਾਰਾ ਸੀ, ਪਿਤਾ ਦੀ 10 ਸਾਲ ਪਹਿਲਾਂ ਹੋ ਚੁੱਕੀ ਹੈ ਮੌਤ -ਕਰਨਵੀਰ ਸਿੰਘ ਦੇ ਪਿਤਾ ਜਸਵੰਤ ਸਿੰਘ ਪੰਜਾਬ ਪੁਲਸ ਦੇ ਵਿਜੀਲੈਂਸ ਵਿਭਾਗ ਵਿਚ ਤਾਇਨਾਤ ਸਨ। ਉਸ ਦੇ ਪਿਤਾ ਦੀ 2010 ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਕਰਨਵੀਰ ਸਿੰਘ ਬਾਜਵਾ ਅਤੇ ਉਸ ਦੀ ਭੈਣ ਦਾ ਪਾਲਣ-ਪੋਸ਼ਣ ਉਸ ਦੀ ਮਾਤਾ ਅਤੇ ਚਾਚਿਆਂ ਨੇ ਹੀ ਕੀਤਾ ਸੀ ਪਰ ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਮਾਂ ਦਾ ਆਖਰੀ ਸਹਾਰਾ ਵੀ ਖੋਹ ਲਿਆ ਗਿਆ ਹੈ।
ਚਾਰ ਸਾਲ ਬਾਅਦ ਸਾਰੇ ਭਰਾ ਹੋਏ ਸਨ ਇਕੱਠੇ –ਕਰਨਵੀਰ ਸਿੰਘ ਦੀ ਪੜ੍ਹਾਈ ਖ਼ਤਮ ਹੋ ਗਈ ਸੀ। ਪੀ.ਆਰ. ਲਈ ਕਾਗਜ਼ ਵੀ ਲਗਾਏ ਸਨ। ਚਾਚੇ ਦੇ ਬੱਚੇ ਵੀ ਅਜੇ ਕੁਝ ਸਾਲ ਪਹਿਲਾਂ ਹੀ ਕੈਨੇਡਾ ਵਿਚ ਪੜ੍ਹਾਈ ਕਰਨ ਆਏ ਸਨ। ਸਾਰੇ ਕੈਨੇਡਾ ਦੇ ਟੋਰਾਂਟੋ ਵਿਚ ਇਕੱਠੇ ਹੋਏ ਸਨ, ਜਿੱਥੇ ਸਾਰੇ ਖ਼ੂਬ ਆਨੰਦ ਮਾਣ ਰਹੇ ਸਨ। ਘਰ ਵੀ ਸਾਰੇ ਖ਼ੁਸ਼ ਸਨ ਕਿ ਪਰਿਵਾਰ ਦੇ ਬੱਚੇ ਸਾਰੇ ਇਕੋ ਜਗ੍ਹਾ ਇਕੱਠੇ ਹੋ ਗਏ ਸਨ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਖ਼ੁਸ਼ੀਆਂ ਜਲਦੀ ਦੀ ਮਾਤਮ ਵਿਚ ਬਦਲਣ ਵਾਲੀਆਂ ਹਨ। ਜੇਕਰ ਪਿਛਲੇ ਛੇ ਮਹੀਨਿਆਂ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਪੰਜਾਬ ਭਰ ਦੇ ਕਈ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ। ਕੈਨੇਡਾ ਵਿੱਚ ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਦਾ ਭਾਰਤ ਸਰਕਾਰ ਨੂੰ ਨੋਟਿਸ ਲੈਣਾ ਚਾਹੀਦਾ ਹੈ।