ਆਪਰੇਸ਼ਨ ਬਲੂ ਸਟਾਰ ਤੋਂ ਕੁਝ ਸਮਾਂ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਜਰਨੈਲ ਸਿੰਘ ਭਿੰਡਰਾਵਾਲੇ ਦੇ ਨਾਲ ਅਕਸਰ ਇੱਕ ਲੰਬੀ ਚਿੱਟੀ ਦਾੜ੍ਹੀ ਅਤੇ ਪੋਚਵੀਂ ਪੱਗ ਬੰਨ੍ਹਣ ਵਾਲੇ ਸ਼ਖ਼ਸ ਨੂੰ ਬੈਠੇ ਦੇਖਿਆ ਜਾਂਦਾ ਸੀ।ਉਹ ਦੇਖਣ ਵਿੱਚ ਪਤਲੇ ਜ਼ਰੂਰ ਸਨ, ਪਰ ਉਨ੍ਹਾਂ ਦਾ ਚਿਹਰਾ ਬੌਧਿਕ ਸੀ। ਬਾਹਰ ਤੋਂ ਉਹ ਇੱਕ ਗ੍ਰੰਥੀ ਹੋਣ ਦੀ ਝਲਕ ਦਿੰਦੇ ਸਨ, ਪਰ ਅਸਲ ਵਿੱਚ ਉਹ ਇੱਕ ਸਿਪਾਹੀ ਸਨ, ਮੇਜਰ ਜਨਰਲ ਸੁਬੇਗ ਸਿੰਘ, ਜਿਨ੍ਹਾਂ ਨੇ ਭਾਰਤੀ ਫ਼ੌਜ ਦੇ ਖਿਲਾਫ਼ ਹਰਿਮੰਦਰ ਸਾਹਿਬ ਵਿੱਚ ਮੋਰਚਾਬੰਦੀ ਕੀਤੀ ਸੀ।
ਜਦੋਂ ਤਿੰਨ ਮਹੀਨਿਆਂ ਬਾਅਦ ਭਾਰਤੀ ਫੌਜ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਈ ਸੀ ਤਾਂ ਉਨ੍ਹਾਂ ਨੇ ਹੀ ਕਰੀਬ 200 ਸਾਥੀਆਂ ਨਾਲ ਉਸ ਦਾ ਸਾਹਮਣਾ ਕੀਤਾ ਸੀ।ਸੁਬੇਗ ਸਿੰਘ ਪੜ੍ਹਨ ਲਿਖਣ ਦੇ ਸ਼ੌਕੀਨ ਸਨ ਅਤੇ ਸੱਤ ਭਾਸ਼ਾਵਾਂ ਪੰਜਾਬੀ, ਫ਼ਾਰਸੀ, ਉਰਦੂ, ਬੰਗਲਾ, ਗੋਰਖਾਲੀ, ਹਿੰਦੀ ਅਤੇ ਅੰਗਰੇਜ਼ੀ ਰਵਾਨਗੀ ਨਾਲ ਬੋਲ ਲੈਂਦੇ ਸਨ।ਮੇਜਰ ਜਨਰਲ ਸੁਬੇਗ ਸਿੰਘ ਦੀ ਸ਼ਖ਼ਸੀਅਤ ਕਿਵੇਂ ਦੀ ਸੀ? ਮੈਂ ਇਹੀ ਸਵਾਲ ਇਸ ਸਮੇਂ ਭਿਵਾੜੀ ਵਿੱਚ ਰਹਿ ਰਹੇ ਉਨ੍ਹਾਂ ਦੇ ਛੋਟੇ ਬੇਟੇ ਪ੍ਰਬਪਾਲ ਸਿੰਘ ਦੇ ਸਾਹਮਣੇ ਰੱਖਿਆ।
ਪ੍ਰਬਪਾਲ ਸਿੰਘ ਦਾ ਜਵਾਬ ਸੀ, ‘ਉਹ 5 ਫੁੱਟ 8 ਇੰਚ ਲੰਬੇ ਸਨ, ਉਹ ਬਹੁਤ ਚੰਗੇ ਐਥਲੀਟ ਸਨ। 18 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ 100 ਮੀਟਰ ਦੌੜ ਵਿੱਚ ਭਾਰਤੀ ਰਿਕਾਰਡ ਦੀ ਬਰਾਬਰੀ ਕੀਤੀ ਸੀ। ਇਸ ਦੇ ਇਲਾਵਾ ਉਹ ਬਹੁਤ ਚੰਗੇ ਘੋੜਸਵਾਰ ਅਤੇ ਤੈਰਾਕ ਵੀ ਸਨ। ਪਰ ਉਹ ਹਮੇਸ਼ਾ ਤੋਂ ਹੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ।”