ਮਾਨ ਸਰਕਾਰ ਵੱਲੋਂ ਬਜ਼ੁਰਗਾਂ ਦੇ ਅੰਤਰਰਾਸ਼ਟਰੀ ਦਿਵਸ ਦੇ ਦਿਹਾੜੇ ਨੂੰ ਸਮਰਪਿਤ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਸ਼ੁਰੂ ਕਰਨ ਦਾ ਇਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਇਸ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਫਰੀਦਕੋਟ ਤੋਂ 3 ਅਕਤੂਬਰ ਨੂੰ ਕੀਤੀ ਜਾਵੇਗੀ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਬਤੌਰ ਮੁੱਖ ਮਹਿਮਾਨ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਜ਼ੁਰਗਾਂ ਦੀ ਭਲਾਈ ਲਈ ਸੂਬੇ ਵਿੱਚ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਹਰ ਜ਼ਿਲ੍ਹਾ ਪੱਧਰ ‘ਤੇ ਸਿਹਤ ਕੈਂਪ ਲਗਾਏ ਜਾਣਗੇ, ਜਿੱਥੇ ਬਜ਼ੁਰਗਾਂ ਨੂੰ ਪੂਰੀ ਜਰੀਏਟ੍ਰਿਕ (ਬੁਢਾਪੇ ਨਾਲ ਸਬੰਧਤ ਬਿਮਾਰੀਆਂ) ਜਾਂਚ, ਈ.ਐੱਨ.ਟੀ. (ਕੰਨ, ਨੱਕ, ਗਲ਼ੇ) ਦੀ ਜਾਂਚ, ਅੱਖਾਂ ਦੀ ਜਾਂਚ, ਐਨਕਾਂ ਦੀ ਵੰਡ, ਅੱਖਾਂ ਦੀ ਸਰਜਰੀ ਦੀਆਂ ਮੁਫ਼ਤ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਬਜ਼ੁਰਗਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।ਇਸ ਤੋਂ ਇਲਾਵਾ ਬਜ਼ੁਰਗ ਵਿਅਕਤੀਆਂ ਦੇ ਸੀਨੀਅਰ ਸਿਟੀਜ਼ਨ ਕਾਰਡ ਬਣਾਏ ਜਾਣਗੇ ਅਤੇ ਬੁਢਾਪਾ ਪੈਨਸ਼ਨ ਦੇ ਫਾਰਮ ਵੀ ਭਰੇ ਜਾਣਗੇ। ਡਾ. ਬਲਜੀਤ ਕੌਰ ਨੇ ਲੋੜਵੰਦ ਬਜ਼ੁਰਗਾਂ ਨੂੰ ਇਸ ਮੌਕੇ ਦਾ ਲਾਭ ਪ੍ਰਾਪਤ ਕਰਨ ਲਈ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਸਮੂਹ ਜ਼ਿਲ੍ਹਿਆਂ ਵਿੱਚ ਕ੍ਰਮਵਾਰ 3 ਅਕਤੂਬਰ ਨੂੰ ਫਰੀਦਕੋਟ, 5 ਨੂੰ ਮੋਗਾ, 9 ਨੂੰ ਲੁਧਿਆਣਾ, 11 ਨੂੰ ਮੁਕਤਸਰ ਸਾਹਿਬ, 13 ਨੂੰ ਫਿਰੋਜ਼ਪੁਰ, 16 ਨੂੰ ਫਾਜ਼ਿਲਕਾ, 18 ਨੂੰ ਬਠਿੰਡਾ, 20 ਨੂੰ ਮਾਨਸਾ, 23 ਨੂੰ ਸੰਗਰੂਰ, 25 ਨੂੰ ਮਾਲੇਰਕੋਟਲਾ, 27 ਨੂੰ ਬਰਨਾਲਾ, 30 ਅਕਤੂਬਰ ਨੂੰ ਪਠਾਨਕੋਟ, 1 ਨਵੰਬਰ ਨੂੰ ਗੁਰਦਾਸਪੁਰ, 3 ਅੰਮ੍ਰਿਤਸਰ, 6 ਤਰਨਤਾਰਨ, 8 ਨੂੰ ਜਲੰਧਰ, 10 ਨੂੰ ਐੱਸ.ਬੀ.ਐੱਸ. ਨਗਰ, 13 ਨੂੰ ਹੁਸ਼ਿਆਰਪੁਰ, 15 ਨੂੰ ਕਪੂਰਥਲਾ, 17 ਨੂੰ ਐੱਸ.ਏ.ਐੱਸ. ਨਗਰ, 20 ਨੂੰ ਪਟਿਆਲਾ, 22 ਨੂੰ ਰੂਪਨਗਰ ਤੇ 24 ਨਵੰਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।