ਪੰਜਾਬ ਚ ਇਨ੍ਹਾਂ ਥਾਵਾਂ ਤੇ ਛੁੱਟੀ

ਪੰਜਾਬ ਦੇ ਦੋ ਜਿਲਿਆਂ ਚ 28 ਸਤੰਬਰ ਨੂੰ ਛੁੱਟੀ ਦਾ ਐਲਾਨ ਜਾਰੀ ਕੀਤਾ ਗਿਆ –ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ 28 ਸਤੰਬਰ ਨੂੰ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ/ਮਾਨਤਾ ਪ੍ਰਾਪਤ/ਸਰਕਾਰੀ (ਪ੍ਰਾਇਮਰੀ, ਮਿਡਲ, ਹਾਈ ਅਤੇ ਸੈਕੰਡਰੀ) ਸਕੂਲਾਂ ਅਤੇ ਹੋਰ ਵਿਦਿਅਕ ਅਦਾਰਿਆਂ ’ਚ ਇਕ ਦਿਨ ਦੀ ਛੁੱਟੀ ਐਲਾਨ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਖ਼ਟਕੜ ਕਲਾਂ ਵਿਖੇ 28 ਤੋਂ 30 ਸਤੰਬਰ ਤੱਕ ਇਨਕਲਾਬ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ 28 ਸਤੰਬਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ ਇਕ ਦਿਨ ਦੀ ਛੁੱਟੀ ਕੀਤੀ ਜਾਂਦੀ ਹੈ।

ਉੱਧਰ ਦੂਜੇ ਪਾਸੇ ਸ਼੍ਰੀ ਸਿੱਧ ਬਾਬਾ ਸੋਢਲ ਦੇ ਸਾਲਾਨਾ ਮੇਲੇ ਦੇ ਸਬੰਧ ਵਿਚ ਜ਼ਿਲ੍ਹਾ ਜਲੰਧਰ ਵਿਖੇ 28 ਸਤੰਬਰ ਨੂੰ ਸਰਕਾਰੀ ਛੁੱਟੀ ਰਹੇਗੀ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਇਸ ਛੁੱਟੀ ਸਬੰਧੀ ਹੁਕਮ ਜਾਰੀ ਕਰਦਿਆਂ ਕਿਹਾ ਕਿ 28 ਸਤੰਬਰ ਨੂੰ ਜ਼ਿਲ੍ਹਾ ਜਲੰਧਰ ਅਧੀਨ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਨਿਗਮਾਂ, ਬੋਰਡਾਂ, ਸਿੱਖਿਆ ਸੰਸਥਾਵਾਂ ਸਮੇਤ ਹੋਰਨਾਂ ਸੰਸਥਾਵਾਂ ਵਿਚ ਵੀ ਸਿੱਧ ਬਾਬਾ ਸੋਢਲ ਦੇ ਸਾਲਾਨਾ ਮੇਲੇ ਸਬੰਧੀ ਲੋਕਾਂ ਦੀ ਸ਼ਰਧਾ ਨੂੰ ਧਿਆਨ ਵਿਚ ਰੱਖਦਿਆਂ ਵੀਰਵਾਰ ਨੂੰ ਸਥਾਨਕ ਛੁੱਟੀ ਐਲਾਨੀ ਜਾਂਦੀ ਹੈ।

ਵਰਣਨਯੋਗ ਹੈ ਕਿ ਸੋਢਲ ਮੇਲੇ ਦੌਰਾਨ ਦੇਸ਼ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਨੂੰ ਲੈ ਕੇ ਬਾਬਾ ਜੀ ਦੇ ਦਰਸ਼ਨ ਕਰਨ ਆਉਂਦੇ ਹਨ।ਮੇਲੇ ਤੋਂ ਇਕ ਦਿਨ ਪਹਿਲਾਂ ਹੀ ਭਗਤਾਂ ਦੀ ਭਾਰੀ ਭੀੜ ਉਮੜ ਪੈਂਦੀ ਹੈ। ਮੇਲੇ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।