ਵਿਦੇਸ਼ਾਂ ਵਿੱਚੋਂ ਰੋਜ਼ਾਨਾ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਕੈਨੇਡਾ (Canada) ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਤਾਂ ਵਿੱਚ ਮੌਤ ਹੋ ਗਈ। ਦੱਸ ਦਈਏ ਕਿ ਕੈਨੇਡਾ ਦੇ ਸਰੀ ‘ਚ ਪੜ੍ਹਨ ਗਏ 20 ਸਾਲਾ ਪੰਜਾਬੀ ਨੌਜਵਾਨ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਲਸੋਈ ਦਾ ਰਹਿਣ ਵਾਲਾ ਹੈ ਅਤੇ ਇਸਦਾ ਨਾਮ ਈਸ਼ਵਰਪਾਲ ਸਿੰਘ ਹੈ। ਇਸ ਦੌਰਾਨ ਪਰਿਵਾਰ ਦਾ ਰੋ- ਰੋ ਕੇ ਬੁਰਾ ਹਾਲ ਹੈ।ਮਿਲੀ ਜਾਣਕਾਰੀ ਦੇ ਮੁਤਾਬਿਕ ਇਹ 20 ਸਾਲਾ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਤਾਂ ਵਿੱਚ ਮੌਤ ਹੋ ਗਈ
ਜਿਸ ਨਾਲ ਇਲਾਕੇ ਵਿੱਚ ਗ਼ਮ ਦਾ ਮਾਹੌਲ ਬਣ ਗਿਆ। ਮ੍ਰਿਤਕ ਨੌਜਵਾਨ ਦੇ ਮਾਪਿਆਂ ਨੇ ਦੱਸਿਆ ਕਿ ਅਸੀਂ ਆਪਣੇਪੁੱਤ ਦੇ ਵਿਦੇਸ਼ ਜਾਣ ਦੀਆਂ ਸੱਧਰਾਂ ਪੂਰੀਆਂ ਕਰਨ ਵਾਸਤੇ ਬੈਂਕ ਤੋਂ ਕਰਜ਼ਾ ਲਿਆ ਸੀ।ਉੱਥੇ ਆਪਣਾ ਘਰ ਤੱਕ ਵੇਚ ਦਿੱਤਾ ਤਾਂ ਜੋ ਉਨ੍ਹਾਂ ਦਾ ਇਕਲੌਤਾ ਪੁੱਤਰ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਕੇ ਆਪਣਾ ਭਵਿੱਖ ਸਵਾਰ ਸਕੇ ਪਰ ਸਮੁੰਦਰਾਂ ਪਾਰ ਅਜਿਹਾ ਵਰਤਾਰਾ ਵਾਪਰਿਆ ਜਿਸ ਨੇ ਸਾਡੇ ਪੁੱਤ ਨੂੰ ਸਾਡੇ ਤੋਂ ਖੋਹ ਲਿਆ ਤੇ ਹੁਣ ਅਸੀਂ ਕਾਸੇ ਜੋਗੇ ਨਹੀਂ ਰਹੇ। ਮਾਪਿਆਂ ਨੇ ਦੱਸਿਆ ਕਿ ਆਪਣੇ ਪੁੱਤਰ ਦੀ ਮੌਤ ਦਾ ਉਨ੍ਹਾਂ ਨੂੰ ਉਸਦੇ ਦੋਸਤ ਦੇ ਫੋਨ ਤੋਂ ਪਤਾ ਚਲਿਆ ਹੈ।
ਇਸ ਦੁੱਖ ਦੀ ਘੜੀ ਵਿੱਚ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਪਰਿਵਾਰ ਨਾਲ ਪਿੰਡ ਲਸੋਈ ਪਹੁੰਚ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨੌਜਵਾਨ ਦੀ ਮ੍ਰਿਤ ਦੇਹ ਨੂੰ ਪਿੰਡ ਲਿਆਉਣ ਵਾਸਤੇ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿਵਾਇਆ। ਉੱਧਰ ਪਿੰਡ ਦੇ ਲੋਕਾਂ ਨੇ ਸਰਕਾਰ ਅਤੇ ਸਮਾਜ ਸੇਵੀਆਂ ਨੂੰ ਗੁਹਾਰ ਲਾਈ ਹੈ ਕਿ ਉਹ ਨੌਜਵਾਨ ਈਸ਼ਵਰਪਾਲ ਸਿੰਘ ਦੀ ਲਾਸ਼ ਨੂੰ ਪੰਜਾਬ ਲਿਆਉਣ ਲਈ ਪਰਿਵਾਰ ਦੀ ਮਦਦ ਕਰਨ। ਗੌਰਤਲਬ ਹੈ ਕਿ ਵਿਦੇਸ਼ਾਂ ਵਿੱਚ ਚੰਗੇ ਭਵਿੱਖ ਲਈ ਗਏ ਨੌਜਵਾਨਾਂ ਦੀ ਮੌਤਾਂ ਦਾ ਸਿਲਸਲਾ ਜਾਰੀ ਹੈ।