ਇਸ ਪਠਾਣ ਸਰਦਾਰ ਦਾ ਨਾਮ ਅਹਿਮਦ ਸ਼ਾਹ ਦੁਰਾਨੀ ਕਰ ਕੇ ਵੀ ਪ੍ਰਸਿੱਧ ਹੈ। ਅਬਦਾਲੀ ਪਠਾਣਾਂ ਦੀ ਇਕ ਸ਼ਾਖ ਹੈ। ਸੱਦੋਜ਼ਈ ਇਲਾਕੇ ਦੇ ਪਠਾਣਾਂ ਦੀ ਅੱਲ ਵੀ ਅਬਦਾਲੀ ਹੈ ਅਤੇ ਅਬਦਾਲੀਆਂ ਨੂੰ ਦੁਰਾਨੀ ਭੀ ਆਖਦੇ ਹਨ। ਕਿਹਾ ਜਾਂਦਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਦਾ ਕੋਈ ਵਡੇਰਾ ਅਬਦਾਲ ਸੀ। ਮੁਸਲਮਾਨ ਫ਼ਕੀਰਾਂ ਦੇ ਪੰਜ ਦਰਜਿਆਂ ਵਿਚੋਂ ਇਕ ਅਬਦਾਲੀ ਵੀ ਹੈ। ਇਹ ਪੰਜ ਦਰਜੇ ਹਨ : ਗੌਸ, ਕੁਤਬ, ਵਲੀ, ਅਬਦਾਲ ਅਤੇ ਕਲੰਦਰ। ਕਈ ਥਾਂਈ ਕਲੰਦਰ ਦੀ ਥਾਂ ਔਤਾਦ ਵੀ ਲਿਖਿਆ ਹੈ। ਦੁਰਾਨੀ ਸ਼ਬਦ ਦੁੱਰ ਦਾ ਵਿਸ਼ੇਸ਼ਣ ਰੂਪ ਹੈ। ਦੁੱਰ ਦੇ ਅਰਥ ਹਨ ਮੋਤੀ ਤੇ ਦੁਰਾਨੀ ਦੇ ਅਰਥ ਹਨ ਮੋਤੀਆਂ ਵਾਲਾ। ਫ਼ਕੀਰ ਸਾਬਰ ਸ਼ਾਹ ਨੇ ਅਹਿਮਦ ਸ਼ਾਹ ਨੂੰ ‘ਦੁੱਰੋ ਦੁੱਰਾਨ’ ਭਾਵ ‘ਮੋਤੀਆਂ ਵਿਚੋਂ ਮੋਤੀ’ ਦੀ ਪਦਵੀ ਦਿੱਤੀ ਜਿਸ ਦਾ ਸੰਖੇਪ ਰੂਪ ਦੁੱਰਾਨੀ ਹੋਇਆ। ਇੰਜ ਸੱਦੋਜ਼ਈ ਦੇ ਪਠਾਣ ਅਬਦਾਲੀ ਤੇ ਦੁਰਾਨੀ ਸਦਾਉਣ ਲਗ ਪਏ।
ਅਹਿਮਦ ਸ਼ਾਹ ਅਬਦਾਲੀ ਸੱਦੋਜ਼ਈ ਵਿਚ ਜ਼ਮਾਨ ਖਾਂ ਦੇ ਘਰ ਪੈਦਾ ਹੋਇਆ। ਇਸ ਦਾ ਬਾਪ ਇਕ ਗ਼ਰੀਬ ਪਠਾਣ ਸੀ। ਸ਼ੁਰੂ ਵਿਚ ਇਹ ਵੀ ਭਾਵੇਂ ਆਪਣੇ ਬਾਪ ਵਾਂਗ ਇਕ ਸਾਧਾਰਨ ਪਠਾਣ ਹੀ ਸੀ ਪਰ ਬੜਾ ਦਲੇਰ ਅਤੇ ਹਿੰਮਤੀ ਸੀ। ਆਪਣੀ ਬੁੱਧੀ ਤੇ ਬਲ ਨਾਲ ਅੱਗੇ ਵਧਦੇ ਵਧਦੇ ਇਹ ਨਾਦਰ ਸ਼ਾਹ ਦਾ ਸੈਨਾਪਤੀ ਬਣ ਗਿਆ ਜਿਸ ਨੇ ਈਰਾਨ ਦਾ ਤਖਤ ਆਪਣੇ ਬਾਹੂ ਬਲ ਨਾਲ ਜਿੱਤ ਕੇ 1739 ਈ. ਵਿਚ ਹਿੰਦੁਸਤਾਨ ਉਪਰ ਹਮਲਾ ਕੀਤਾ ਤੇ ਦਿੱਲੀ ਤੋਂ ‘ਤਖਤ-ਏ-ਤਾਊਸ’ ਜਿੱਤ ਕੇ,
ਕੋਹਿਨੂਰ ਹੀਰਾ ਕਬਜ਼ੇ ਵਿਚ ਲੈ ਕੇ ਅਤੇ ਹੋਰ ਅਨੇਕਾਂ ਕੀਮਤੀ ਵਸਤੂਆਂ ਲੁਟ ਕੇ ਈਰਾਨ ਵੱਲ ਵਾਪਸ ਪਰਤਿਆ। ਉਸ ਸਮੇਂ ਸਿੱਖਾਂ ਨੇ ਛਾਪੇ ਮਾਰ ਕੇ ਇਸ ਨੂੰ ਬਹੁਤ ਤੰਗ ਕੀਤਾ ਅਤੇ ਲੁਟ ਦਾ ਬਹੁਤ ਮਾਲ ਖੋਹ ਲਿਆ। ਅਹਿਮਦ ਸ਼ਾਹ ਕਿਉਂਕਿ ਉਸ ਵੇਲੇ ਇਕ ਸੈਨਾਪਤੀ ਸੀ ਇਸ ਲਈ ਉਸ ਸਮੇਂ ਤੋਂ ਹੀ ਇਸ ਨੇ ਸਿੱਖਾਂ ਦੀ ਬਹਾਦਰੀ ਦੇ ਕਾਰਨਾਮੇ ਦੇਖ ਸੁਣ ਰਖੇ ਸਨ।
ਸੰਨ 1747 ਵਿਚ ਜਦ ਨਾਦਰ ਸ਼ਾਹ ਮਾਰਿਆ ਗਿਆ ਤਾਂ ਉਸ ਪਿੱਛੋਂ ਅਹਿਮਦ ਸ਼ਾਹ ਅਬਦਾਲੀ ਨੇ ਕੰਧਾਰ ਉੱਪਰ ਕਬਜ਼ਾ ਕਰ ਕੇ ਬਲਖ, ਸਿੰਧ, ਪੰਜਾਬ ਅਤੇ ਕਸ਼ਮੀਰ ਆਦਿ ਨੂੰ ਵੀ ਆਪਣੇ ਅਧੀਨ ਕਰ ਲਿਆ। ਇਸ ਨੇ ਲੁਟ ਮਾਰ ਖਾਤਰ ਪੰਜਾਬ ਉੱਪਰ ਨੌਂ ਹਮਲੇ ਕੀਤੇ। ਇਨ੍ਹਾਂ ਵਿਚ ਪਹਿਲੇ ਅੱਠ ਹਮਲੇ ਸੰਨ 1747, 1748, 1751, 1756, 1759-60, 1762, 1764-65 ਅਤੇ 1767 ਵਿਚ ਹੋਏ ਜਦ ਕਿ ਨੌਵਾਂ ਅਸਫ਼ਲ ਹਮਲਾ ਸੰਨ 1769 ਵਿਚ ਕੀਤਾ ਗਿਆ।
ਸੰਨ 1769 ਵਿਚ ਅਹਿਮਦ ਸ਼ਾਹ ਨੇ ਇਕ ਵਾਰ ਫਿਰ ਭਾਰਤ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਜਿਹਲਮ ਤਕ ਆ ਗਿਆ ਪਰ ਉਸ ਦੀ ਫ਼ੌਜ ਵਿਚਲੀ ਬਗ਼ਾਵਤ ਨੇ ਉਸ ਨੂੰ ਆਪਣੇ ਹੀ ਦੇਸ਼ ਪਰਤਣ ਲਈ ਮਜ਼ਬੂਰ ਕਰ ਦਿੱਤਾ ਤੇ ਇਹ ਆਪਣੇ ਵਜ਼ੀਰ ਸ਼ਾਹ ਵਲੀ ਖ਼ਾਂ ਨਾਲ ਵਾਪਸ ਕੰਧਾਰ ਨੂੰ ਤੁਰ ਪਿਆ। ਇਨ੍ਹਾਂ ਹਮਲਿਆਂ ਵਿਚ ਪੰਜਾਬ ਤੇ ਦਿੱਲੀ ਤੋਂ ਇਲਾਵਾ ਇਨ੍ਹਾਂ ਦੇ ਨਾਲ ਲਗਦੇ ਇਲਾਕਿਆਂ ਦੀ ਵੀ ਬਹੁਤ ਤਬਾਹੀ ਹੋਈ। ਇਨ੍ਹਾਂ ਹਮਲਿਆਂ ਵਿਚੋਂ ਛੇਵੇਂ ਹਮਲੇ ਦੇ ਦੌਰਾਨ 5 ਫ਼ਰਵਰੀ, 1762 ਨੂੰ ਅਹਿਮਦ ਸ਼ਾਹ ਦੁਰਾਨੀ ਨਾਲ, ਰਾਇਪੁਰ ਗੁੱਜਰਵਾਲ ਨੇੜੇ ਕੁੱਪ ਰਹੀੜੇ ਦੇ ਮੁਕਾਮ ਤੇ ਸਿੰਘਾਂ ਦੇ ਘਮਸਾਨ ਦਾ ਯੁੱਧ ਹੋਇਆ ਜੋ ਸਿੱਖ ਇਤਿਹਾਸ ਵਿਚ ਵੱਡਾ ਘੱਲੂਘਾਰਾ ਕਰ ਕੇ ਪ੍ਰਸਿੱਧ ਹੈ। ਇਸ ਘੱਲੂਘਾਰੇ ਵਿਚ ਵੀਹ ਹਜ਼ਾਰ ਤੋਂ ਵੱਧ ਸਿੰਘ ਸ਼ਹੀਦ ਹੋਏ।
ਇਸ ਘੱਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਜਦ ਵਾਪਸ ਦੇਸ਼ ਪਰਤਿਆ ਤਾਂ ਉਸ ਨੇ ਇਹ ਸਮਝਿਆ ਕਿ ਸਿੰਘ ਹੁਣ ਸਿਰ ਨਹੀਂ ਚੁਕ ਸਕਣਗੇ। ਉਸ ਨੇ ਸਿੰਘਾਂ ਦੇ ਕੱਟੇ ਹੋਏ ਸਿਰ ਲਾਹੌਰ ਲਿਆ ਕੇ ਸ਼ਹਿਰ ਦੇ ਇਕ ਪਾਸੇ ਉਨ੍ਹਾਂ ਦੇ ਮੀਨਾਰ ਬਣਵਾਏ। ਇਸ ਤੋਂ ਪਹਿਲਾਂ ਲਾਹੌਰ ਵਿਚ ਸਿੱਖਾਂ ਦੇ ਸਿਰਾਂ ਦੇ ਜਾਲੂਸ ਕੱਢੇ ਗਏ ਤਾਂ ਜੋ ਇਹ ਸਭ ਕੁਝ ਦੇਖ ਕੇ ਲੋਕੀਂ ਭੈਭੀਤ ਹੋ ਜਾਣ। ਅਹਿਮਦ ਸ਼ਾਹ ਅਬਦਾਲੀ ਨੇ ਦੋ ਵਾਰੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਢਹਿ ਢੇਰੀ ਕੀਤਾ। ਪਹਿਲਾਂ ਸੰਨ 1757 ਵਿਚ ਤੇ ਫਿਰ ਸੰਨ 1762 ਵਿਚ। ਪਹਿਲੇ ਹਮਲੇ ਵਿਚ ਵੀ ਤੋਪਾਂ ਨਾਲ ਹਮਲੇ ਕਰਕੇ ਬੜੀ ਤਬਾਹੀ ਕੀਤੀ ਪਰ ਦੂਜੀ ਵੇਰ ਤਾਂ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ ਗਿਆ
ਅਤੇ ਸਭ ਕੁਝ ਢਹਿ ਢੇਰੀ ਕਰ ਦਿੱਤਾ। ਹਰਿਮੰਦਰ ਸਾਹਿਬ ਦੀਆਂ ਇੱਟਾਂ ਉਡ ਉਡ ਕੇ ਦੂਰ ਤਕ ਗਈਆਂ। ਦੁਸ਼ਮਣ ਦੀਆਂ ਫ਼ੌਜਾਂ ਵੀ ਜਖ਼ਮੀ ਹੋਈਆਂ। ਇਸ ਨੇ ਸਰੋਵਰ ਨੂੰ ਮਲਬੇ ਨਾਲ ਪੁਰਵਾ ਦਿਤਾ ਅਤੇ ਗਊਆਂ ਮਾਰ ਕੇ ਸਰੋਵਰ ਵਿਚ ਪਾਈਆਂ ਤਾਂ ਜੋ ਸਿੰਘ ਇਸ ਅਸਥਾਨ ਨੂੰ ਅਪਵਿੱਤਰ ਜਾਣ ਕੇ ਛੱਡ ਜਾਣ। ਸ਼ਹਿਰ ਦੇ ਚਾਰ ਚੁਫੇਰੇ ਪਹਿਰਾ ਲਾ ਦਿੱਤਾ ਗਿਆ ਪਰ ਛੇਤੀ ਹੀ ਸਿੱਖਾਂ ਨੇ ਮੁੜ ਸਿਰ ਚੁਕ ਲਿਆ ਅਤੇ ਸੰਨ 1768 ਵਿਚ ਅਹਿਮਦ ਸ਼ਾਹ ਅਬਦਾਲੀ ਦੇ ਢਾਹੇ ਹੋਏ ਸ੍ਰੀ ਦਰਬਾਰ ਸਾਹਿਬ ਨੂੰ ਖ਼ਾਲਸੇ ਨੇ ਕਈ ਲੱਖ ਰੁਪਏ ਲਾ ਕੇ ਮੁੜ ਉਸਾਰਿਆ ਅੰਮ੍ਰਿਤਸਰ ਦੇ ਵਸਨੀਕ ਭਾਈ ਦੇਸ ਰਾਜ ਦੇ ਸਪੁਰਦ ਚਾਰ ਲੱਖ ਰੁਪਏ ਕੀਤੇ ਗਏ ਪ੍ਰੇਮ ਸੁਧ ਸਿੰਧੂ ਗ੍ਰੰਥ ਅਨੁਸਾਰ ਉਸ ਨੇ ਆਪ ਵੀ ਇਕ ਲੱਖ ਰੁਪਏ ਇਸ ਕਾਰਜ ਵਿਚ ਲਾਏ।
ਅਹਿਮਦ ਸ਼ਾਹ ਅਬਦਾਲੀ ਨੂੰ ਹਰਿਮੰਦਰ ਸਾਹਿਬ ਦੀ ਬਰਬਾਦੀ ਦੌਰਾਨ ਇਕ ਅਜਿਹੀ ਇੱਟ ਵਜੀ ਜਿਸ ਨਾਲ ਨੱਕ ਉੱਪਰ ਜ਼ਖਮ ਹੋ ਗਿਆ ਅਤੇ ਅਨੇਕਾਂ ਇਲਾਜ ਕਰਾਉਣ ਦੇ ਬਾਵਜੂਦ ਠੀਕ ਨਾ ਹੋ ਸਕਿਆ। ਸਮਾਂ ਪਾ ਕੇ ਜ਼ਖ਼ਮ ਨਾਸੂਰ (ਕੈਂਸਰ) ਬਣ ਗਿਆ ਜਿਸ ਕਾਰਨ ਸੰਨ 1772 ਵਿਚ ਮੁਰਗਾ ਨਗਰ ਵਿਚ ਅਬਦਾਲੀ ਦਾ ਦੇਹਾਂਤ ਹੋ ਗਿਆ।