ਦਰਸ਼ਨ ਕਰੋ ਦਸ਼ਮ ਪਿਤਾ ਦੇ ਨਾਨਕੇ ਪਿੰਡ ਦੇ ਵੀਡੀਓ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਦਰਸ਼ਨ ਕਰੋ ਜੀ ਧੰਨ ਧੰਨ ਦਸ਼ਮੇਸ਼ ਪਿਤਾ ਜੀ ਦੇ ਨਾਨਕੇ ਪਿੰਡ ਦੇ””’ਹਰਿਆਣਾ ਦੇ ਅੰਬਾਲਾ ਨਗਰ ਤੋਂ ਲਗਭਗ 10 ਕਿ.ਮੀ. ਦੱਖਣ ਵਾਲੇ ਪਾਸੇ ਸਥਿਤ ਇਕ ਪੁਰਾਤਨ ਕਸਬਾ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕੇ ਖ਼ਾਨਦਾਨ ਨਾਲ ਸੰਬੰਧਿਤ ਹੈ। ਇਥੋਂ ਦੇ ਵਸਨੀਕ ਅਤੇ ਗੁਰੂ-ਘਰ ਨਾਲ ਸੰਬੰਧਿਤ ਭਾਈ ਲਾਲ ਚੰਦ ਸੁਭਿਖੀਆ ਜੋ ਬਾਦ ਵਿਚ ਕਰਤਾਰਪੁਰ (ਜਲੰਧਰ) ਜਾ ਵਸੇ ਸਨ , ਨੇ ਆਪਣੀ ਸੁਪੁੱਤਰੀ ਬੀਬੀ ਗੁਜਰੀ ਜੀ ਦਾ ਵਿਆਹ 15 ਅਸੂ , 1686 ਬਿ. (ਗੁਰੂ) ਤੇਗ ਬਹਾਦਰ ਜੀ ਨਾਲ ਕੀਤਾ।

ਅਸਾਮ ਦੇ ਇਲਾਕੇ ਤੋਂ ਪਰਤਣ ਉਪਰੰਤ ਗੁਰੂ ਤੇਗ ਬਹਾਦਰ ਜੀ ਸਿੱਧੇ ਆਨੰਦਪੁਰ ਪਰਤ ਆਏ। ਬਾਦ ਵਿਚ ਸਾਰੇ ਪਰਿਵਾਰ ਨੂੰ ਪਟਨੇ ਤੋਂ ਆਨੰਦਪੁਰ ਆਉਣ ਲਈ ਸੰਦੇਸ਼ ਭਿਜਵਾ ਦਿੱਤਾ। ਬਾਲਕ ਗੋਬਿੰਦ ਰਾਏ ਆਪਣੀ ਮਾਤਾ ਜੀ, ਮਾਮਾ ਕ੍ਰਿਪਾਲ ਚੰਦ ਜੀ ਅਤੇ ਹੋਰ ਸਿੱਖਾਂ ਸਹਿਤ 13 ਸਤੰਬਰ 1670 ਈ. ਨੂੰ ਲਖਨੌਰ ਪਹੁੰਚੇ ਅਤੇ ਲਗਭਗ ਛੇ ਮਹੀਨੇ ਆਪਣੇ ਵੱਡੇ ਮਾਮੇ ਭਾਈ ਮਿਹਰਚੰਦ ਪਾਸ ਰੁਕੇ। ਇਥੇ ਭਾਈ ਜੇਠਾ ਨਾਂ ਦੇ ਮਸੰਦ ਨੇ ਬਾਲਕ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਇਥੇ ਹੀ ਸੱਯਦ ਸ਼ਾਹ ਭੀਖ ਠਸਕੇ ਵਾਲੇ ਘੁੜਾਮ ਤੋਂ ਚਲ ਕੇ ਬਾਲਕ ਗੋਬਿੰਦ ਰਾਏ ਦੇ ਦਰਸ਼ਨ ਕਰਨ ਆਏ। ਇਥੇ ਹੀ ਸੂਫ਼ੀ ਫ਼ਕੀਰ ਪੀਰ ਆਰਿਫ਼ ਦੀਨ ਆਪਣੇ ਮੁਰੀਦਾਂ ਸਮੇਤ ਬਾਲਕ (ਗੁਰੂ) ਨੂੰ ਸ਼ਰਧਾ ਦੇ ਫੁਲ ਭੇਂਟ ਕਰਨ ਆਇਆ। ਇਥੋਂ ਦੀ ਠਹਿਰ ਦੌਰਾਨ ਬਾਲਕ ਗੋਬਿੰਦ ਰਾਏ ਇਰਦ-ਗਿਰਦ ਦੇ ਪਿੰਡਾਂ ਵਿਚ ਜਾ ਕੇ ਸੇਵਕਾਂ ਨੂੰ ਕ੍ਰਿਤਾਰਥ ਕਰਦੇ ਰਹੇ ।

ਸੰਨ 1947 ਈ. ਤੋਂ ਬਾਦ ਪੈਪਸੂ ਦੇ ਬਣਨ ਨਾਲ ਇਹ ਗੁਰੂ-ਧਾਮ ਧਰਮ ਅਰਥ ਬੋਰਡ ਅਧੀਨ ਕਰ ਦਿੱਤਾ ਗਿਆ। ਨਵੰਬਰ 1956 ਈ. ਵਿਚ ਪੈਪਸੂ ਦੇ ਪੰਜਾਬ ਵਿਚ ਸ਼ਾਮਲ ਕੀਤੇ ਜਾਣ ਉਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੋ ਗਿਆ। ਇਥੇ ਹਰ ਸੰਗ੍ਰਾਂਦ ਨੂੰ ਵੱਡੇ ਦੀਵਾਨ ਸਜਦੇ ਹਨ ਅਤੇ ਦਸਹਿਰੇ ਉਤੇ ਸਾਲਾਨਾ ਧਾਰਮਿਕ ਮੇਲਾ ਲਗਦਾ ਹੈ। ਇਥੇ ਗੁਰੂ-ਪਰਿਵਾਰ ਨਾਲ ਸੰਬੰਧਿਤ ਕੁਝ ਯਾਦਗਾਰੀ ਵਸਤੂਆਂ ਵੀ ਸੰਭਾਲੀਆਂ ਹੋਈਆਂ ਹਨ, ਜਿਵੇਂ ਤਿੰਨ ਪਲੰਘ , ਦੋ ਪਰਾਂਤਾਂ, ਦੋ ਤੀਰ , ਇਕ ਜਮਦਾੜ੍ਹ, ਇਕ ਬਰਛੀ ਆਦਿ।