ਨਾਨੇ ਵੱਲੋਂ ਦੋਹਤੇ ਨੂੰ ਮਾਰਿਆ ਦੋਖੋ ਵੀਡੀਓ

ਇਕ ਸਮਾਂ ਸੀ, ਜਦ ਰਿਸ਼ਤਿਆਂ ਦੀ ਕਦਰ ਹੁੰਦੀ ਸੀ। ਲੋਕ ਆਪਣੇ ਤੋਂ ਵੱਧ ਰਿਸ਼ਤਿਆਂ ਨੂੰ ਸਾਂਭ ਕੇ ਰੱਖਦੇ ਸਨ। ਪਰ, ਅੱਜ ਦੇ ਦੌਰ ‘ਚ ਰਿਸ਼ਤਿਆਂ ਦੇ ਨਾਮ ਹੀ ਰਹ ਗਏ ਹਨ। ਮੂਲ ਨਾਲੋਂ ਵਿਆਜ ਪਿਆਰਾ ਵਾਲੀਆਂ ਮਹਿਜ਼ ਗੱਲਾਂ ਹੀ ਰਹਿ ਗਈਆਂ ਹਨ। ਇਹ ਸਾਬਿਤ ਕਰਦਾ ਹੈ, ਅੰਮ੍ਰਿਤਸਰ ਦੇ ਰਾਜਾਸਾਂਸੀ ਤੋਂ ਆਇਆ ਇਹ ਮਾਮਲਾ ਜਿਸ ਵਿੱਚ ਇੱਕ ਨਾਨੇ ਵੱਲੋਂ ਦੋਹਤੇ ਦਾ ਕਤਲ ਕਰ ਦਿੱਤਾ ਗਿਆ ਹੈ। 8 ਸਾਲ ਦੇ ਮਾਸੂਮ ਨੂੰ ਕਤਲ ਕਰਨ ਵਾਲੇ ਮੁਲਜ਼ਮ ਅਮਰਜੀਤ ਸਿੰਘ ਨੇ ਆਪਣਾ ਗੁਨਾਹ ਵੀ ਆਪ ਹੀ ਕਬੂਲਿਆ ਹੈ।

ਪਿੰਡ ਬੱਲ ਸਚੰਦਰ ਵਿਖੇ ਇਕ ਨਾਨੇ ਨੇ ਆਪਣੇ 8 ਸਾਲਾ ਦੋਹਤੇ ਨੂੰ ਨਹਿਰ ’ਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਜੁਗਰਾਜ ਸਿੰਘ ਸਿੱਧੂ ਵਾਸੀ ਸਚੰਦਰ ਨੇ ਦੱਸਿਆ ਕਿ ਮ੍ਰਿਤਕ ਬੱਚੇ ਗੁਰਅੰਸ਼ਪ੍ਰੀਤ ਸਿੰਘ ਦੇ ਮਾਤਾ-ਪਿਤਾ ਦਾ ਘਰੇਲੂ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਬੱਚੇ ਦੀ ਮਾਂ ਕੁਝ ਮਹੀਨਿਆਂ ਤੋਂ ਬੱਚੇ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਮੀਰਾਂਕੋਟ ਰਹਿ ਰਹੀ ਸੀ ਅਤੇ ਅਦਾਲਤ ਵੱਲੋਂ ਸਮਝੌਤਾ ਕਰਵਾਉਣ ਉਪਰੰਤ ਇਨ੍ਹਾਂ ਦੋਵਾਂ ਜੀਆਂ ’ਚ ਸਹਿਮਤੀ ਹੋ ਗਈ ਸੀ, ਜੋ ਅਮਰਜੀਤ ਸਿੰਘ (ਬੱਚੇ ਦੇ ਨਾਨੇ) ਨੂੰ ਕਬੂਲ ਨਹੀਂ ਸੀ।

ਇਸ ਰੰਜਿਸ਼ ਤਹਿਤ ਨਾਨੇ ਨੇ ਆਪਣੇ ਦੋਹਤੇ ਗੁਰਅੰਸ਼ਪ੍ਰੀਤ ਸਿੰਘ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਜਗਦੇਵ ਕਲਾਂ ਨਹਿਰ ’ਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਅਮਰਜੀਤ ਸਿੰਘ ਨੇ ਬੱਚੇ ਨੂੰ ਨਹਿਰ ’ਚ ਧੱਕਾ ਦੇਣ ਤੋਂ ਬਾਅਦ ਖੁਦ ਹੀ ਪੁਲਸ ਨੂੰ ਇਹ ਕਹਿ ਦਿੱਤਾ ਕਿ ਉਹ ਨਹਿਰ ਨੇੜੇ ਬਾਥਰੂਮ ਕਰਨ ਲਈ ਸਾਈਡ ’ਤੇ ਸੀ ਤਾਂ ਬੱਚਾ ਗਾਇਬ ਹੋ ਗਿਆ। ਇਸ ਸਬੰਧੀ ਪੁਲਸ ਥਾਣਾ ਮੁਖੀ ਰਾਜਾਸਾਂਸੀ ਹਰਚੰਦ ਸਿੰਘ ਸੰਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸ਼ੱਕ ਪੈਣ ’ਤੇ ਸਖ਼ਤੀ ਨਾਲ ਪੜਤਾਲ ਕਰਨ ’ਤੇ ਬੱਚੇ ਦੇ ਨਾਨੇ ਅਮਰਜੀਤ ਸਿੰਘ ਮੀਰਾਂਕੋਟ ਵੱਲੋਂ ਆਪਣਾ ਜੁਰਮ ਕਬੂਲ ਕਰ ਲਿਆ ਗਿਆ ਹੈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਅਤੇ ਬੱਚੇ ਗੁਰਅੰਸ਼ਪ੍ਰੀਤ ਦੀ ਲਾਸ਼ ਦੀ ਭਾਲ ਲਈ ਪੁਲਸ ਟੀਮ ਜਾਂਚ ਕਰ ਰਹੀ ਹੈ।