ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਹੈ। ਹਰਜੋਤ ਬੈਂਸ ਨੇ ਸੋਸ਼ਲ ਮੀਡੀਆ ’ਤੇ ਆਖਿਆ ਹੈ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਕਾਰਣ ਆਏ ਹੜ੍ਹਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਆ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਨਾਲ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ ਅੱਜ ਤੁਰੰਤ ਪ੍ਰਭਾਵ (23 ਅਗਸਤ 2023) ਤੋਂ ਮਿਤੀ 26 ਅਗਸਤ 2023 (ਸ਼ਨੀਵਾਰ) ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ।
ਪੰਜਾਬ ‘ਚ ਹੜ੍ਹ ਦੇ ਹਾਲਾਤ ਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਸਕੂਲ 26 ਅਗਸਤ ਤੱਕ ਬੰਦ ਕਰ ਦਿੱਤੇ ਗਏ ਹਨ। ਇਸ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੂਬੇ ਦੇ ਸਾਰੇ ਮੈਰੀਟੋਰੀਅਸ ਸਕੂਲ ਖੁੱਲ੍ਹੇ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਅੰਦਰ ਹੀ ਹੋਸਟਲ ਹੈ, ਜਿਸ ਕਾਰਨ ਬੱਚੇ ਸਕੂਲ ਅੰਦਰ ਤੋਂ ਹੀ ਆ ਕੇ ਆਪਣੀਆਂ ਕਲਾਸਾਂ ਲਾ ਸਕਣਗੇ।
ਦੱਸ ਦਈਏ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਦਿੱਕਤ-ਪਰੇਸ਼ਾਨੀ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਸਿੱਖਿਆ ਮੰਤਰੀ ਨੇ ਟਵੀਟ ਕਰਕੇ ਪੰਜਾਬ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਨੂੰ 23 ਅਗਸਤ ਤੋਂ 26 ਅਗਸਤ ਤੱਕ ਛੁੱਟੀਆਂ ਦੇ ਹੁਕਮ ਜਾਰੀ ਕੀਤੇ ਹਨ।
ਦੱਸ ਦਈਏ ਕਿ ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ’ਚ 27 ਅਗਸਤ ਤੱਕ ਮੌਸਮ ਖ਼ਰਾਬ ਰਹੇਗਾ ਅਤੇ ਮੰਗਲਵਾਰ ਨੂੰ ਯੈਲੋ ਅਲਰਟ ਅਤੇ ਬੁੱਧਵਾਰ ਤੇ ਵੀਰਵਾਰ ਨੂੰ 2 ਦਿਨ ਆਰੈਂਜ ਅਲਰਟ ਰਹੇਗਾ। ਬੀਤੇ 24 ਘੰਟਿਆਂ ’ਚ ਸੂਬੇ ’ਚ ਮਾਨਸੂਨ ਕਮਜ਼ੋਰ ਰਿਹਾ ਅਤੇ ਪਾਲਮਪੁਰ ’ਚ 2, ਜੋਗਿੰਦਰਨਗਰ, ਪਾਉਂਟਾ, ਚੁਵਾੜੀ ਅਤੇ ਕਸੌਲੀ ’ਚ 1-1 ਸੈਂਟੀਮੀਟਰ ਮੀਂਹ ਪਿਆ, ਜਦੋਂ ਕਿ ਮੰਗਲਵਾਰ ਨੂੰ ਰਾਜਧਾਨੀ ਸ਼ਿਮਲਾ ’ਚ 0.2, ਊਨਾ ’ਚ 32, ਕਾਂਗੜਾ ’ਚ 3, ਧੌਲਾਕੂੰਆਂ ’ਚ 0.5, ਬਰਠੀਂ ’ਚ 3 ਮਿਲੀਮੀਟਰ ਮੀਂਹ ਪਿਆ ਹੈ।