ਬਿਆਸ ਦਰਿਆ ਵਿੱਚ ਵਧ ਰਹੇ ਪਾਣੀ ਦੇ ਪੱਧਰ ਨੂੰ ਦੇਖਣ ਲਈ ਕਸਬਾ ਸ੍ਰੀ ਹਰਗੋਬਿੰਦਪੁਰ ਦੇ ਨੇੜਲੇ ਪਿੰਡ ਧੀਰੋਵਾਲ ਦੇ ਦੋ ਨਾਬਲਿਗ ਚਚੇਰੇ ਭਰਾ ਡਰੇਨ ਦੇ ਪਾਣੀ ਵਿੱਚ ਰੁੜ ਗਏ ਸਨ। ਪਾਣੀ ਵਿੱਚ ਡੁੱਬਣ ਕਾਰਨ ਦੋਵੇਂ ਚਚੇਰੇ ਭਰਾਵਾਂ ਦੀ ਮੌਤ ਹੋ ਗਈ ਸੀ। ਦੋਹਾਂ ਬੱਚਿਆਂ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਪੁਲਿਸ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਨੇ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪਾਣੀ ਵਿਚੋਂ ਕੱਢ ਲਿਆ ਹੈ। ਮ੍ਰਿਤਕਾਂ ਦੀ ਪਛਾਣ ਜਸਕਰਨ ਸਿੰਘ (14) ਪੁੱਤਰ ਬਲਦੇਵ ਸਿੰਘ ਅਤੇ ਦਿਲਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀਆਨ ਨੇ ਧੀਰੋਵਾਲ ਵਜੋਂ ਹੋਈ ਹੈ। ਦੋਵੇਂ ਆਪਸ ਵਿੱਚ ਚਾਚੇ-ਤਾਏ ਦੇ ਪੁੱਤਰ ਲੱਗਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੋਵੇਂ ਚਚੇਰੇ ਭਰਾ ਬੁੱਧਵਾਰ ਦੁਪਹਿਰ ਵੇਲੇ ਬਿਆਸ ਦਰਿਆ ਦੇ ਵਧੇ ਪਾਣੀ ਨੂੰ ਦੇਖਣ ਲਈ ਗੁਰਦੁਆਰਾ ਭਾਈ ਮੰਝ ਸਾਹਿਬ ਨਜ਼ਦੀਕ ਲੰਘਦੀ ਡਰੇਨ ਵੱਲ ਗਏ ਸਨ। ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਜਦ ਦੋਵੇਂ ਭਰਾ ਘਰ ਨਾ ਪੁੱਜੇ ਤਾਂ ਉਨ੍ਹਾਂ ਦੇ ਮਾਪਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਦੋਵੇਂ ਭਰਾ ਡਰੇਨ ਦੇ ਪਾਣੀ ਨੂੰ ਦੇਖ ਰਹੇ ਸਨ ਕਿ ਅਚਾਨਕ ਪੈਰ ਫਿਸਲਣ ਕਾਰਨ ਦੋਵੇਂ ਭਰਾ ਡਰੇਨ ਦੇ ਪਾਣੀ ਵਿੱਚ ਡੁੱਬ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਵੀਰਵਾਰ ਸਵੇਰ ਨੂੰ ਦੋਵਾਂ ਦੀਆਂ ਲਾਸ਼ਾਂ ਪਾਣੀ ਵਿਚੋਂ ਕੱਢ ਲਈਆਂ ਹਨ।
ਉਨ੍ਹਾਂ ਦੱਸਿਆ ਕਿ ਜਸਕਰਨ ਸਿੰਘ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਦਿਲਪ੍ਰੀਤ ਸਿੰਘ ਨੌਵੀਂ ਜਮਾਤ ਦਾ ਵਿਦਿਆਰਥੀ ਸੀ। ਬੱਚਿਆਂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ ਤੇ ਉਨ੍ਹਾਂ ਅਜੇ ਵੀ ਇਸ ਘਟਨਾ ਉਤੇ ਯਕੀਨ ਨਹੀਂ ਆ ਰਿਹਾ ਸੀ।