ਆਪਣੇ ਪੁੱਤ ਦੀ ਆਪੇ ਲਈ ਜਾਨ ਦੋਖੋ

ਪਰਸੋ ਸ਼ਾਮ ਇਕ 3 ਸਾਲਾ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ, ਜਿਸ ਨੂੰ ਸੁਣ ਕੇ ਹਰ ਇਨਸਾਨ ਦੀ ਰੂਹ ਕੰਬ ਗਈ ਹੈ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਕੇ ਵਗਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸਬੰਧੀ ਪੁਲਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ‘ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਇਸ ਸਬੰਧੀ ਅਧਿਕਾਰਤ ਤੌਰ ‘ਤੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ

ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ‘ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲਿਆਂ ਵਾਲਾ ਜਾ ਰਿਹਾ ਸੀ ਤਾਂ ਰਸਤੇ ‘ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਗੁਰਸੇਵਕ ਸਿੰਘ ਸਮੇਤ ਮੋਬਾਇਲ ਫੋਨ ਅਤੇ 300 ਰੁਪਏ ਦੀ ਨਕਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ ‘ਚ ਹਾਈ ਅਲਰਟ ਜਾਰੀ ਕਰਦਿਆਂ ਥਾਣਾ ਗੋਇੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰਦੇ ਹੋਏ ਕਾਰ ਸਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਪੁਲਸ ਸਾਹਮਣੇ ਇਹ ਗੱਲ ਆਈ ਕਿ ਲੜਕੇ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਉਸ ਨੂੰ ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾਰਾਏ ਵਿਖੇ ਸੂਏ ‘ਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐੱਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ’ਤੇ ਜ਼ਿਲ੍ਹੇ ਦੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਪੁਲਸ ਪਾਰਟੀ ਸਮੇਤ ਪੁੱਜ ਗਏ।

ਪੁਲਸ ਨੇ ਘਟਨਾ ਵਾਲੀ ਜਗ੍ਹਾ ਤੋਂ ਮੁਲਜ਼ਮ ਪਿਤਾ ਨੂੰ ਲਿਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ‘ਤੇ ਮੋਬਾਇਲ ਫੋਨ ਬਰਾਮਦ ਕਰ ਲਿਆ ਹੈ, ਜਦਕਿ ਬੱਚੇ ਦੀ ਲਾਸ਼ ਦੀ ਭਾਲ ਜਾਰੀ ਹੈ। ਇਸ ਮਾਮਲੇ ‘ਚ ਪੁਲਸ ਵੱਲੋਂ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਬੇਟੀ ਵੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸਬੰਧੀ ਜਲਦ ਹੀ ਮੀਡੀਆ ਨੂੰ ਜਾਣਕਾਰੀ ਦਿੱਤੀ ਜਾਵੇਗੀ।