ਸੰਧਾਰਾ ਲੈ ਕੇ ਗਏ ਭਰਾ ਦੀ ਕਹਾਣੀ ਦੋਖੋ

ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਅਜਿਹੇ ‘ਚ ਔਰਤਾਂ ਦੇ ਤਿਉਹਾਰ ਸੰਧਾਰੇ ਦੀ ਗੱਲ ਨਾਂ ਕੀਤੀ ਜਾਵੇ ਤਾਂ ਅਜਿਹਾ ਕਿਵੇਂ ਹੋ ਸਕਦਾ ਹੈ । ਅੱਜ ਕੱਲ੍ਹ ਇਨ੍ਹਾਂ ਰਹੁ ਰੀਤਾਂ ਨੂੰ ਨਵੀਂ ਪੀੜ੍ਹੀ ਵਿਸਾਰਦੀ ਜਾ ਰਹੀ ਹੈ ।ਪਰ ਹਾਲੇ ਵੀ ਕਈ ਲੋਕਾਂ ਵੱਲੋਂ ਇਹ ਰਸਮਾਂ ਨਿਭਾਈਆਂ ਜਾ ਰਹੀਆਂ ਹਨ ।‘ਸੰਧਾਰਾ’ ਜਿਸ ਨੂੰ ਕਿ ਸਾਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ । ਸਾਉਣ ਮਹੀਨੇ ‘ਚ ਧੀਆਂ ਨੂੰ ਇਹ ਦਿੱਤਾ ਜਾਂਦਾ ਹੈ ।ਇਸ ਤਿਉਹਾਰ ਦੇ ਮੌਕੇ ‘ਤੇ ਨਵੀਆਂ ਵਿਆਂਦੜ ਕੁੜੀਆਂ ਆਪਣੇ ਪੇਕੇ ਆਉਂਦੀਆਂ ਨੇ ਅਤੇ ਕਈ-ਕਈ ਦਿਨ ਪੇਕੇ ਘਰ ਰਹਿੰਦੀਆਂ ਨੇ ।

ਤੀਆਂ ਦਾ ਤਿਉਹਾਰ ਮਨਾਉਣ ਮਗਰੋਂ ਜਦੋਂ ਉਹ ਘਰੋਂ ਆਪਣੇ ਸਹੁਰੇ ਘਰ ਜਾਂਦੀਆਂ ਨੇ ਤਾਂ ਉਨ੍ਹਾਂ ਨੂੰ ਸੰਧਾਰਾ ਦਿੱਤਾ ਜਾਂਦਾ ਹੈ ।ਇਸ ‘ਚ ਮਹਿੰਦੀ,ਕੱਪੜੇ ਲੱਤੇ,ਚੂੜੀਆਂ ਅਤੇ ਖਾਣ ਲਈ ਸਮਾਨ ਦਿੱਤਾ ਜਾਂਦਾ ਹੈ ਅਤੇ ਕੋਈ-ਕੋਈ ਪੁੱਗਦਾ ਪਰਿਵਾਰ ਗਹਿਣਾ ਗੱਟਾ ਵੀ ਤੁਰਨ ਲੱਗਿਆਂ ਆਪਣੀ ਧੀ ਨੂੰ ਦਿੰਦਾ ਹੈ ਅਤੇ ਜੋ ਧੀਆਂ ਆਪਣੇ ਪੇਕੇ ਨਹੀਂ ਆਉਂਦੀਆਂ ਉਨ੍ਹਾਂ ਨੂੰ ਪੇਕਿਆਂ ਵੱਲੋਂ ਸੰਧਾਰਾ ਦਿੱਤਾ ਜਾਂਦਾ ਹੈ ।ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰ ਮਠਿਆਈਆਂ ਲੈ ਕੇ ਜਾਂਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਣੀ ਕੁੜੀਆਂ ਨੂੰ ਮਿਲਣ ਦੀ ਤਾਂਘ ਵੀ ਪ੍ਰਗਟ ਹੁੰਦੀ ਹੈ ।

ਵੈਸੇ ਹੁਣ ਤਾਂ ਨਾਂ ਪਿੰਡਾਂ ਚ ਸਾਓਣ ਦੀਆਂ ਤੀਆਂ ਲੱਗਦੀਆਂ ਤੇ ਨਾ ਈ ਕਿਸੇ ਕੋਲ ਐਨਾ ਵਿਹਲ ਹੁੰਦਾ ਬਈ ਮਹੀਨਾ ਪੇਕੀਂ ਲਾ ਆਵੇ। ਅੱਗੇ ਪੁਰਾਣੇ ਸਮਿਆਂ ਚ ਨਵੀਆਂ ਵਿਆਹੀਆਂ ਲਈ ਇਹ ਸਾਓਣ ਦਾ ਮਹੀਨਾ ਇੱਕ ਤਰਾਂ ਨਾਲ ਮਾਂ ਬਾਪ ਕੋਲ ਰਹਿਣ ਦਾ ਤੇ ਸਖੀਆਂ ਸਹੇਲੀਆਂ ਨਾਲ ਹੱਸਣ ਖੇਡਣ ਦਾ ਬਹਾਨਾ ਹੁੰਦਾ ਸੀ ਕਈ ਵਾਰ ਤਾਂ ਸੋਚਦੀ ਆਂ ਇਹ ਤੀਆਂ ਵੀ ਕੱਠੀਆਂ ਹੋਕੇ ਸਹੁਰਿਆਂ ਦੇ ਖੱਟੇ ਮਿੱਠੇ ਤਜੁਰਬੇ ਸਾਂਝੇ ਕਰਨ ਦਾ ਜਰੀਆ ਹੁੰਦੀਆਂ ਸੀ ਤੇ ਕੁਆਰੀਆਂ ਲਈ ਸਹੁਰੇ ਘਰ ਰਹਿਣ ਵਿਚਰਣ ਦੇ ਸਿਖਲਾਈ ਕੈਂਪ ਪਰ ਹੁਣ ਤਾਂ ਤੀਆਂ ਵੀ ਇੱਕ ਬਿਜਿਨਿਸ ਜਿਹਾ ਬਣਕੇ ਰਹਿ ਗੀਆਂ। ਅੱਗੇ ਕੁੜੀਆਂ ਨੇ ਕੱਠੀਆਂ ਹੋਕੇ ਪਿੰਡੋ ਬਾਹਰ ਗਿੱਧੇ ਧਮਾਲਾਂ ਪਾਉਣੀਆਂ ਤੇ ਘਰ ਆਉਂਦੀਆਂ ਨੂੰ ਮਾਵਾਂ ਨੇ ਚਾਅ ਨਾਲ ਖੀਰ ਪੂੜੇ ਬਣਾ ਕੇ ਰੱਖਣੇ। ਕੱਠੀਆਂ ਹੋਈਆਂ ਸਹੇਲੀਆਂ ਨੇ ਕਦੇ ਕਿਸੇ ਘਰ ਮੇਲਾ ਲਾ ਕੇ ਬੈਠੀਆਂ ਰਹਿਣਾ ਕਦੇ ਕਿਸੇ ਘਰ। ਵੈਸੇ ਵੀ ਉਹਨਾਂ ਦਿਨਾਂ ਚ ਕੁੜੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਸੀ,ਪਿੰਡ ਦੀ ਧੀ ਭੈਣ ਸਭ ਦੀ ਧੀ ਭੈਣ ਹੋਣੀ। ਹਰੇਕ ਬਜੁਰਗ ਨੇ ਕੁੜੀ ਦੇ ਸਿਰ ਤੇ ਹੱਥ ਧਰ ਕੇ ਪੁੱਛਣਾ,ਕਿਵੇਂ ਭਾਈ ਤਕੜੀ ਐਂ,ਸਹੁਰੇ ਕਿਵੇਂ ਆਂ,ਸੱਸ ਲੜਾਕੀ ਤਾਂਨੀ।