ਦਸਮੇਸ਼ ਪਿਤਾ ਜੀ ਨੇ ਕਲਗੀ ਕਿਸ ਨੂੰ ਸਜਾਈ ਸੀ ਦੋਖੋ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਮ ਉਮਰ ਅਤੇ ਆਪਾ ਵਾਰ ਸੇਵਕ ਸ਼ਹੀਦ ਭਾਈ ਸੰਗਤ ਸਿੰਘ ਜੀ ਦੇ ਜੀਵਨ ਅਤੇ ਸ਼ਹਾਦਤ ਪ੍ਰਤੀ ਖੋਜ ਅੱਜ ਜਦੋਂ ਵੱਡੇ ਪੱਧਰ ‘ਤੇ ਮੁਕੰਮਲ ਕੀਤੀ ਗਈ ਤਾਂ ਉਨ੍ਹਾਂ ਦੇ ਜੱਦੀ ਪਿੰਡ ਕੱਟਾ ਸਬੌਰ (ਨੂਰਪੁਰ ਬੇਦੀ) ਦਾ ਨਾਂ ਵੀ ਧਰੂ ਤਾਰੇ ਵਾਂਗੂ ਚਮਕ ਉਠਿਆ। ਪਿੰਡ ਕੱਟਾ ਸਬੌਰ ਜੋ ਸ਼ਿਵਾਲਕ ਦੀਆਂ ਪਹਾੜੀਆਂ ‘ਤੇ ਨੀਮ ਜੰਗਲ ਨੁਮਾ ਖਿੱਤੇ ‘ਚ ਵਸਿਆ ਜ਼ਿਲਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਦਾ ਇਕ ਅੰਗ ਹੈ, ਜਿੱਥੇ ਬਾਬਾ ਸੰਗਤ ਸਿੰਘ ਜੀ ਦੀ ਯਾਦ ‘ਚ ਇਤਿਹਾਸਕ ਅਸਥਾਨ ਵਿਕਸਤ ਹੋ ਚੁੱਕਾ ਹੈ, ਉਥੇ ਹੀ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਸੰਕਲਪ ਵੱਡੇ ਪੱਧਰ ‘ਤੇ ਕਾਮਯਾਬ ਹੋ ਚੁੱਕਾ ਹੈ।ਬਾਬਾ ਸੰਗਤ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਦੇ ਵਫਾਦਾਰ ਸਾਥੀ ਸਨ। ਕੁਝ ਇਤਿਹਾਸਕਾਰਾਂ ਨੇ ਉਨ੍ਹਾਂ ਦੀ ਮਾਤਾ ਨੂੰ ਮਾਤਾ ਗੁਜਰੀ ਦੀ ਸਮਕਾਲੀ ਦੱਸਦਿਆਂ ਉਨ੍ਹਾਂ ਦੀ ਮਾਤਾ ਜੀ ਨਾਲ ਸਾਂਝ ਦਾ ਪਿਛੋਕੜ ਸ੍ਰੀ ਪਟਨਾ ਸਾਹਿਬ ਤੋਂ ਦੱਸਿਆ ਹੈ।

ਇਸ ਤਰ੍ਹਾਂ ਹੀ ਬਾਬਾ ਸੰਗਤ ਸਿੰਘ ਜੀ ਨੂੰ ਗੁਰੂ ਜੀ ਦਾ ਬਚਪਨ ਦਾ ਸਾਥੀ ਦੱਸਦਿਆਂ ਉਨ੍ਹਾਂ ਦੇ ਪਰਿਵਾਰ ਦਾ ਗੁਰੂ ਜੀ ਦੇ ਨਾਲ ਹੀ ਪਟਨਾ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਆਉਣਾ ਦੱਸਿਆ ਗਿਆ ਹੈ। ਪਿੰਡ ਕੱਟਾ ਸਬੌਰ ਸ੍ਰੀ ਆਨੰਦਪੁਰ ਸਾਹਿਬ ਤੋਂ 13 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਬਾਬਾ ਸੰਗਤ ਸਿੰਘ ਦਾ ਮੁਹਾਂਦਰਾ ਜਿੱਥੇ ਪੂਰੀ ਤਰ੍ਹਾਂ ਗੁਰੂ ਸਾਹਿਬ ਨਾਲ ਮਿਲਦਾ-ਜੁਲਦਾ ਸੀ, ਉਥੇ ਹੀ ਕੱਦ ਕੁੱਝ ਘੱਟ ਦੱਸਿਆ ਜਾਂਦਾ ਹੈ।
22 ਦਸੰਬਰ 1704 ਦੇ ਉਸ ਇਤਿਹਾਸਕ ਦਿਨ ਜਦੋਂ ਚਮਕੌਰ ਦੀ ਗੜ੍ਹੀ ‘ਚ ਗੁਰੂ ਜੀ ਨੂੰ ਪੰਜ ਪਿਆਰਿਆਂ ਨੇ ਵੱਡੇ ਸਾਹਿਬਜ਼ਾਦਿਆਂ ਅਤੇ ਹੋਰ ਸਿੰਘਾਂ ਦੀ ਸ਼ਹਾਦਤ ਉਪਰੰਤ ਗੜ੍ਹੀ ਛੱਡ ਕੇ ਚਲੇ ਜਾਣ ਦਾ ਹੁਕਮ ਸੁਣਾਇਆ ਤਾਂ ਉਨ੍ਹਾਂ ਆਪਣੀ ਪੌਸ਼ਾਕ ਅਤੇ ਕਲਗੀ ਬਾਬਾ ਸੰਗਤ ਸਿੰਘ ਜੀ ਦੇ ਸੀਸ ‘ਤੇ ਸਜਾ ਦਿੱਤੀ।

ਇਸ ਦਾ ਰੌਚਕ ਪੱਖ ਇਹ ਸੀ ਕਿ ਜਦੋਂ ਚਮਕੌਰ ਸਾਹਿਬ ਦੀ ਜੰਗ ‘ਚ ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰ ਦਿੱਤਾ ਗਿਆ ਤਾਂ ਪਿੰਡ ਕੱਟਾ ਸਬੌਰ ਦੇ ਕੁਝ ਲੋਕ ਸਿੰਘਾਂ ਦੇ ਅੰਗੀਠੇ ਦੀ ਰਾਖ ਚੁੱਕ ਕੇ ਪਿੰਡ ਲੈ ਆਏ। ਲੋਕਾਂ ਦਾ ਤਰਕ ਸੀ ਕਿ ਬਾਬਾ ਸੰਗਤ ਸਿੰਘ ਦਾ ਸਸਕਾਰ ਵੀ ਇਸੇ ਅੰਗੀਠੇ ‘ਚ ਸ਼ਹੀਦ ਸਿੰਘਾਂ ਨਾਲ ਕੀਤਾ ਗਿਆ ਹੈ। ਬਜ਼ੁਰਗ ਲੋਕਾਂ ਨੇ ਉਕਤ ਰਾਖ ਨੂੰ ਪੁਰਾਣੇ ਦਰੱਖਤ ਹੇਠ ਧਰ ਕੇ ਉਸ ‘ਤੇ ਬਾਬਾ ਸੰਗਤ ਸਿੰਘ ਦੀ ਸਮਾਧ ਨੁਮਾ ਸੂਖਮ ਪ੍ਰਕਾਰ ਦੀ ਥਾਂ ਸਥਾਪਤ ਕਰ ਦਿੱਤੀ, ਜਿਸ ‘ਤੇ ਪੁਰਾਤਨ ਕਾਲ ‘ਚ ਲੋਕ ਮੱਥਾ ਟੇਕਦੇ ਸਨ।

ਸੰਨ 1982 ‘ਚ ਨੂਰਪੁਰ ਬੇਦੀ ਖੇਤਰ ਦੀ ਨਾਮਵਰ ਧਾਰਮਿਕ ਸ਼ਖਸੀਅਤ ਮਾਸਟਰ ਗੁਰਬਚਨ ਸਿੰਘ ਨੇ ਇਸ ਅਸਥਾਨ ਦੀ ਦੇਖਭਾਲ ਸਤਿਕਾਰਤ ਰੂਪ ‘ਚ ਕੀਤੇ ਜਾਣ ਤੇ ਅਸਥਾਨ ਨੂੰ ਵੱਡੇ ਪੱਧਰ ‘ਤੇ ਵਿਕਸਤ ਕਰਨ ਦੇ ਉਦੇਸ਼ ਤਹਿਤ ਇਸ ਅਸਥਾਨ ਨੂੰ ਬਾਬਾ ਸੰਗਤ ਸਿੰਘ ਯਾਦਗਾਰੀ ਟਰੱਸਟ ਜਲੰਧਰ ਦੇ ਹਵਾਲੇ ਕਰ ਦਿੱਤਾ, ਜਿੱਥੇ ਕਿ ਬਾਅਦ ‘ਚ ਸੁੰਦਰ ਅਸਥਾਨ ਸੁਸ਼ੋਭਿਤ ਹੋਇਆ ਜਦਕਿ ਉਨ੍ਹਾਂ ਦੀ ਪੁਰਾਤਨ ਸਮਾਧ ਅੱਜ ਵੀ ਮੌਜੂਦ ਹੈ।

ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ‘ਤੇ ਹੋਇਆ ਸੀ ਬਾਬਾ ਸੰਗਤ ਸਿੰਘ ਦੇ ਸੀਸ ਦਾ ਸਸਕਾਰ ਸਿੱਖ ਤਵਾਰੀਖ ਜੇਕਰ ਕਿਸੇ ਸ਼ਹੀਦ ਦੇ ਧੜ ਦਾ ਅੱਡ ਅਤੇ ਸੀਸ ਦਾ ਅੱਡ ਸਸਕਾਰ ਬਾਬਾ ਸੰਗਤ ਸਿੰਘ ਜੀ ਤੋਂ ਪਹਿਲਾਂ ਹੋਇਆ ਹੈ ਤਾਂ ਉਹ ਸਿਰਫ ਤੇ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੀ ਹੋਇਆ ਹੈ। ਕੱਚੀ ਗੜ੍ਹੀ ‘ਤੇ ਹਮਲੇ ਤੋਂ ਬਾਅਦ ਜਦੋਂ ਬਾਬਾ ਸੰਗਤ ਸਿੰਘ ਜੀ ਦੀ ਸ਼ਹਾਦਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮ੍ਰਿਤਕ ਦੇਹ ਦਾ ਭੁਲੇਖਾ ਪਾਉਣ ਲੱਗੀ ਤਾਂ ਮੁਗਲ ਫੌਜ ਦੇ ਕੁਝ ਅਹਿਲਕਾਰਾਂ ਨੇ ਬਾਬਾ ਸੰਗਤ ਸਿੰਘ ਜੀ ਦਾ ਸੀਸ ਇਸ ਯੋਜਨਾ ਤਹਿਤ ਕੱਟ ਲਿਆ ਕਿ ਉਹ ਇਸ ਨੂੰ ਵਜੀਦ ਖਾਨ ਸੂਬਾ ਸਰਹਿੰਦ ਦੇ ਅੱਗੇ ਪੇਸ਼ ਕਰਕੇ ਗੁਰੂ ਜੀ ਦੇ ਕਤਲ ਕੀਤੇ ਜਾਣ ਦੀ ਖਬਰ ਦੇਣਗੇ।

ਜਿਸ ਤੋਂ ਖੁਸ਼ ਹੋ ਕੇ ਬਾਦਸ਼ਾਹ ਉਨ੍ਹਾਂ ਨੂੰ ਮਣਾਂ-ਮੂੰਹੀਂ ਇਨਾਮ ਦੇਵੇਗਾ ਪਰ ਸਰਹਿੰਦ ਪੁੱਜਦਿਆਂ ਹੀ ਇਹ ਹਕੀਕਤ ਬੇਨਕਾਬ ਹੋ ਗਈ। ਸੀਸ ਦੀ ਸ਼ਨਾਖਤ ਉਪਰੰਤ ਮੁਗਲ ਹਕੂਮਤ ਦੇ ਉੱਚ ਅਧਿਕਾਰੀਆਂ ਨੇ ਪੱਖ ਸਪੱਸ਼ਟ ਰੂਪ ‘ਚ ਉਜਾਗਰ ਕਰ ਦਿੱਤਾ ਕਿ ਇਹ ਸੀਸ ਗੁਰੂ ਜੀ ਦਾ ਨਹੀਂ ਬਲਕਿ ਉਨ੍ਹਾਂ ਦੇ ਕਿਸੇ ਸਿੱਖ ਦਾ ਹੈ। ਇਸ ਹਾਲਤ ‘ਚ ਬਾਬਾ ਜੀ ਦੇ ਸਿਰ ਦਾ ਸਸਕਾਰ ਫਤਿਹਗੜ੍ਹ ਸਾਹਿਬ ਵਿਖੇ ਹੀ ਹੋਇਆ। ਸੀਸ ਸਸਕਾਰ ਦਾ ਅਸਥਾਨ ਗੁ. ਰੱਥ ਸਾਹਿਬ ਦੇ ਐਨ ਨਜ਼ਦੀਕ ਰੇਲਵੇ ਲਾਈਨ ਦੇ ਲਾਗੇ ਅੱਜ ਵੀ ਮੌਜੂਦ ਹੈ।

ਬਾਬਾ ਸੰਗਤ ਸਿੰਘ ਜੀ ਪ੍ਰਤੀ ਐੱਸ. ਜੀ. ਪੀ. ਸੀ. ਦੀਆਂ ਸੇਵਾਵਾਂ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਸੰਗਤ ਸਿੰਘ ਜੀ ਦੀ ਯਾਦ ‘ਚ ਸ੍ਰੀ ਚਮਕੌਰ ਸਾਹਿਬ ਵਿਖੇ ਲੰਗਰ ਹਾਲ, ਯਾਤਰੀ ਨਿਵਾਸ ਅਤੇ ਗੁ. ਗੜ੍ਹੀ ਸਾਹਿਬ ਦੇ ਮੁੱਖ ਗੇਟ ਦੀ ਜਿੱਥੇ ਸੁੰਦਰ ਰੂਪ ‘ਚ ਉਸਾਰੀ ਕਰਵਾਈ ਗਈ ਹੈ, ਉਥੇ ਬੰਗਾ ਵਿਖੇ ਸ਼ਹੀਦ ਬਾਬਾ ਸੰਗਤ ਸਿੰਘ ਕਾਲਜ ਵੀ ਸਥਾਪਤ ਕੀਤਾ ਗਿਆ ਹੈ, ਜੋ 2017 ਦੇ ਸੈਸ਼ਨ ਤੋਂ ਚਾਲੂ ਹੋ ਗਿਆ ਹੈ। ਐੱਸ. ਜੀ. ਪੀ.ਸੀ. ਵਲੋਂ 3 ਨਵੰਬਰ 2013 ਨੂੰ ਚਮਕੌਰ ਸਾਹਿਬ ਵਿਖੇ ਰਾਜ ਪੱਧਰੀ ਸਮਾਗਮ ਵੀ ਕਰਵਾਇਆ ਜਾ ਚੁੱਕਾ ਹੈ।

ਪੰਜਾਬ ਸਰਕਾਰ ਵੱਲੋਂ ਮੌਜੂਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ 2004 ‘ਚ ਬਾਬਾ ਸੰਗਤ ਸਿੰਘ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ, ਉਨ੍ਹਾਂ ਦੀ ਯਾਦ ‘ਚ ਚੇਅਰ ਸਥਾਪਤ ਕਰਨ ਦਾ ਸੁਝਾਅ ਦਿੱਤਾ ਸੀ। ਅਸੀਂ ਸਪੀਕਰ ਸਾਹਿਬ ਨੂੰ ਇਸ ਸੁਝਾਅ ਨੂੰ ਅਮਲੀ ਰੂਪ ਦੇਣ ਲਈ ਮੁੜ ਨਿੱਜੀ ਰੂਪ ‘ਚ ਮਿਲ ਕੇ ਅਪੀਲ ਕਰਾਂਗੇ ਅਤੇ ਪਿੰਡ ਕੱਟਾ ਸਬੌਰ ਦਾ ਨਾਮ ਬਦਲ ਕੇ ਬਾਬਾ ਸੰਗਤ ਸਿੰਘ ਵਾਲਾ ਰੱਖਣ ਦਾ ਏਜੰਡਾ ਪੰਜਾਬ ਸਰਕਾਰ ‘ਚ ਲਿਆਉਣ ਦੀ ਤਾਈਦ ਕਰਾਂਗੇ।—ਨਰਿੰਜਣ ਸਿੰਘ ਸਾਥੀ ਜਨਰਲ