ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿਚ ਅੱਜ ਸਵੇਰੇ ਉਸ ਸਮੇਂ ਚੀਕ-ਚਿਹਾੜਾ ਮਚ ਗਿਆ ਜਦੋਂ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਘਰ ਦੀ ਛੱਤ ਡਿੱਗਣ ਕਾਰਣ ਇਕ ਔਰਤ ਰਾਣੀ ਕੌਰ (39) ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਮ੍ਰਿਤਕਾ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪਤਾ ਲੱਗਾ ਹੈ ਕਿ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਇਹ ਪਰਿਵਾਰ ਇਕ ਕਮਰੇ ਵਿਚ ਰਹਿ ਰਿਹਾ ਸੀ,
ਜਿਸ ਦੀ ਅਚਾਨਕ ਛੱਤ ਡਿੱਗ ਗਈ ਅਤੇ ਇਹ ਦੋਵੇਂ ਮਲਬੇ ਹੇਠਾਂ ਦੱਬੇ ਗਏ। ਇਨ੍ਹਾਂ ਦੀ ਇਕ ਬੱਚੀ ਕੁੱਝ ਦੇਰ ਪਹਿਲਾਂ ਹੀ ਕਮਰੇ ’ਚੋਂ ਬਾਹਰ ਨਿਕਲੀ ਸੀ, ਜਿਸ ਦੇ ਚੱਲਦੇ ਉਸ ਦਾ ਵਾਲ-ਵਾਲ ਬਚਾਅ ਹੋ ਗਿਆ। ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਘਰ ਕੇਂਦਰ ਆਵਾਸ ਯੋਜਨਾ ਦੇ ਤਹਿਤ ਪਾਸ ਹੋਏ ਹਨ, ਉਨ੍ਹਾਂ ਦੇ ਪੈਸੇ ਤੁਰੰਤ ਰਿਲੀਜ਼ ਕੀਤੇ ਜਾਣ ਕਿਉਂਕਿ ਪਿੰਡ ਦੇ ਚਾਰ ਮਕਾਨ ਹੋਰ ਡਿੱਗਣ ਦੀ ਹਾਲਤ ਵਿਚ ਹਨ।
ਉਧਰ ਪਿੰਡ ਵਾਸੀ ਅਤੇ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਨੇ ਸਰਕਾਰ ਤੋਂ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਬੱਚਿਆਂ ਨੂੰ ਸਰਕਾਰ ਪੜ੍ਹਨ ਲਿਖਣ ਵਿਚ ਮਦਦ ਕਰੇ ਜਿਸ ਦੇ ਚੱਲਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ।